ਹਲਵਾਰਾ, (ਲਾਡੀ ਸਿੱਧੂ) : ਪਿੰਡ ਰਾਜੋਆਣਾ ਕਲਾਂ ਤੇ ਬੁਰਜ ਹਰੀ ਸਿੰਘ ਸੰਪਰਕ ਸੜਕ ਤੇ ਸਰਕਾਰੀ ਜਾਇਦਾਦ ਅਤੇ ਵਾਤਾਵਰਣ ਨਾਲ ਜੁੜੇ ਮਾਮਲੇ ਨੇ ਉਸ ਵੇਲੇ ਤੂਲ ਫੜ ਲਿਆ, ਜਦੋਂ ਪਿੰਡ ਬੁਰਜ ਹਰੀ ਸਿੰਘ ਦੀ ਸੰਪਰਕ ਸੜਕ ਦੇ ਕਿਨਾਰੇ ਖੜ੍ਹੀਆਂ ਕਈ ਟਾਹਲੀਆਂ ਦੀ ਕੱਟਾਈ ਅਤੇ ਵਿਕਰੀ ਦੇ ਦੋਸ਼ ਸਾਹਮਣੇ ਆਏ। ਇਹ ਮਾਮਲਾ ਸਾਹਮਣੇ ਆਉਂਦੇ ਹੀ ਪੰਚਾਇਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਚਾਇਤ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਸੜਕ ਦੇ ਨਾਲ ਲੱਗਦੀਆਂ ਕੁਝ ਟਾਹਲੀਆਂ ਬਿਨਾਂ ਕਿਸੇ ਮਨਜ਼ੂਰੀ ਦੇ ਕੱਟੀਆਂ ਜਾ ਰਹੀਆਂ ਹਨ। ਇਸ ‘ਤੇ ਬੀਡੀਪੀਓ ਦਫ਼ਤਰ ਰਾਏਕੋਟ ਦੇ ਪੰਚਾਇਤ ਅਫ਼ਸਰ ਜਗਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਕੰਮ ਰੁਕਵਾਇਆ। ਪਰ ਉਸ ਸਮੇਂ ਤੱਕ ਕੁਝ ਦਰੱਖ਼ਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਟਾਹਲੀਆਂ ਪਹਿਲਾਂ ਮਗਨਰੇਗਾ ਸਕੀਮ ਤਹਿਤ ਲਗਾਈਆਂ ਗਈਆਂ ਸਨ, ਜਿਨ੍ਹਾਂ ਦਾ ਉਦੇਸ਼ ਪਿੰਡ ਦੇ ਵਾਤਾਵਰਣ ਨੂੰ ਸੁਧਾਰਨਾ ਅਤੇ ਸਰਕਾਰੀ ਜਾਇਦਾਦ ਨੂੰ ਹਰਾ-ਭਰਾ ਬਣਾਉਣਾ ਸੀ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਦਰੱਖ਼ਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਰਸਾਇਣਿਕ ਪਦਾਰਥ ਵੀ ਵਰਤੇ ਗਏ, ਤਾਂ ਜੋ ਉਹ ਜਲਦੀ ਸੁੱਕ ਜਾਣ।
ਮਾਮਲੇ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਰਾਏਕੋਟ ਦੀ ਪੁਲਸ ਟੀਮ ਵੀ ਮੌਕੇ ‘ਤੇ ਪਹੁੰਚੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਜਿਵੇਂ ਹੀ ਪੰਚਾਇਤ ਵਿਭਾਗ ਵੱਲੋਂ ਲਿਖਤੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਮਾਮਲੇ ਵਿੱਚ ਨਾਮਜ਼ਦ ਸਾਬਕਾ ਸਰਪੰਚ ਨੇ ਟਾਹਲੀਆਂ ਨੂੰ ਆਪਣੀ ਨਿੱਜੀ ਜਾਇਦਾਦ ਦੱਸਦੇ ਹੋਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸਦਾ ਕਹਿਣਾ ਹੈ ਕਿ ਇਹ ਦਰੱਖ਼ਤ ਉਸਦੇ ਖੇਤ ਦੀ ਹੱਦ ਵਿੱਚ ਆਉਂਦੇ ਹਨ ਅਤੇ ਉਨ੍ਹਾਂ ‘ਤੇ ਉਸਦਾ ਹੱਕ ਬਣਦਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਨਵਾਂਸ਼ਹਿਰ : ਗੈਂਗਸਟਰ ਦਾ ਗੁਰਗਾ ਪੁਲਸ ਮੁਕਾਬਲੇ ਮਗਰੋਂ ਗ੍ਰਿਫਤਾਰ, ਵਪਾਰੀ ਤੋਂ ਮੰਗੀ ਸੀ ਇਕ ਕਰੋੜ ਦੀ ਫਿਰੌਤੀ
NEXT STORY