ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ(ਪਵਨ/ ਭੁਪਿੰਦਰ/ਸੁਖਪਾਲ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਜ਼ਿਲਾ ਟਰਾਂਸਪੋਰਟ ਦਫ਼ਤਰ ਪਿਛਲੇ ਕਰੀਬ ਇਕ ਹਫ਼ਤੇ ਤੋਂ ਬੰਦ ਪਿਆ ਹੈ, ਜਿਸ ਕਰਕੇ ਉਕਤ ਦਫ਼ਤਰ ਵਿਚ ਆਪਣਾ ਕੰਮ-ਧੰਦਾ ਕਰਵਾਉਣ ਆ ਰਹੇ ਲੋਕ ਖੱਜਲ-ਖੁਆਰ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਇਨ੍ਹਾਂ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਵੱਲ ਕੋਈ ਧਿਆਨ ਨਹੀਂ ਹੈ।
ਜ਼ਿਕਰਯੋਗ ਹੈ ਕਿ ਟਰਾਂਸਪੋਰਟ ਮਹਿਕਮੇ ਨਾਲ ਸਬੰਧਿਤ ਸਾਰੇ ਜ਼ਿਲੇ ਦੇ ਕੰਮਕਾਜ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਹੁੰਦੇ ਸਨ। ਜ਼ਿਲਾ ਟਰਾਂਸਪੋਰਟ ਅਫ਼ਸਰ ਦਾ ਦਫ਼ਤਰ ਚੱਕ ਬੀੜ ਸਰਕਾਰ ਵਿਖੇ ਸਥਿਤ ਡੀ. ਸੀ. ਦਫਤਰ ਵਿਚ ਹੈ, ਜਦਕਿ ਟਰੈਕ ਬਠਿੰਡਾ ਰੋਡ 'ਤੇ ਬਣਾਇਆ ਗਿਆ ਹੈ। ਹੁਣ ਟਰੈਕ ਵਾਲਾ ਦਫ਼ਤਰ ਵੀ ਬੰਦ ਹੈ ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚਲਾ ਦਫ਼ਤਰ ਵੀ ਬੰਦ ਪਿਆ ਹੈ। ਜਾਣਕਾਰੀ ਅਨੁਸਾਰ 17 ਅਗਸਤ ਨੂੰ ਇਹ ਦਫ਼ਤਰ ਬੰਦ ਕਰਨ ਦੇ ਹੁਕਮ ਸਰਕਾਰ ਵੱਲੋਂ ਆ ਗਏ ਸਨ। ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਮੰਡੀ ਲੱਖੇਵਾਲੀ, ਮੰਡੀ ਬਰੀਵਾਲਾ ਆਦਿ ਤੋਂ ਇਲਾਵਾ ਜ਼ਿਲੇ ਦੇ 241 ਦੇ ਕਰੀਬ ਪਿੰਡਾਂ ਦੇ ਲੋਕ ਜਿਨ੍ਹਾਂ ਨੇ ਡਰਾਈਵਿੰਗ ਲਾਇਸੈਂਸ, ਆਰ. ਸੀ. ਤੇ ਹੋਰ ਕੰਮ-ਧੰਦੇ ਕਰਵਾਉਣੇ ਹਨ, ਜਦ ਉਕਤ ਦਫ਼ਤਰਾਂ ਵਿਚ ਆਉਂਦੇ ਹਨ ਤਾਂ ਅੱਗੋਂ ਇਹ ਦਫ਼ਤਰ ਬੰਦ ਪਏ ਮਿਲਦੇ ਹਨ ਤੇ ਉਨ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ। ਦੂਰ-ਦੁਰਾਡੇ ਦੇ ਪਿੰਡਾਂ ਤੋਂ ਕਿਰਾਇਆ-ਭਾੜਾ ਖਰਚ ਕੇ ਤੇ ਸਾਰਾ ਦਿਨ ਖਰਾਬ ਹੋਣ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਦਫ਼ਤਰਾਂ ਵਿਚ ਫਾਈਲਾਂ ਚੁੱਕ ਕੇ ਫਿਰ ਰਹੇ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਆ ਰਹੇ ਹਨ ਪਰ ਅੱਗੋਂ ਕੋਈ ਮਿਲਦਾ ਨਹੀਂ ਤੇ ਹੁਣ ਉਹ ਕਿਹੜੇ ਪਾਸੇ ਜਾਣ ਤੇ ਕਿਸਦੇ ਕੋਲ ਆਪਣੇ ਦੁੱਖੜੇ ਰੋਣ। ਇਹ ਵੀ ਪਤਾ ਲੱਗਾ ਹੈ ਕਿ ਇਸ ਵੇਲੇ ਕਿਸੇ ਸਰਕਾਰੀ ਅਧਿਕਾਰੀ ਕੋਲ ਵੀ ਇਨ੍ਹਾਂ ਦਫ਼ਤਰਾਂ ਦਾ ਚਾਰਜ ਨਹੀਂ ਹੈ ਤੇ ਕੋਈ ਇਹ ਵੀ ਨਹੀਂ ਦੱਸ ਰਿਹਾ ਕਿ ਹੁਣ ਕੌਣ ਕੰਮ ਕਰੇਗਾ। ਲੋਕ ਭੰਬਲਭੂਸੇ ਵਿਚ ਪਏ ਹੋਏ ਹਨ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੁਕੇ ਹੋਏ ਸਾਰੇ ਕੰਮ-ਧੰਦੇ ਕਰਵਾਉਣ ਲਈ ਜਲਦੀ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ।
ਕਿਸੇ ਕੋਲ ਵੀ ਨਹੀਂ ਹੈ ਚਾਰਜ
ਡੀ. ਸੀ. ਦਫ਼ਤਰ ਜਾ ਕੇ ਜ਼ਿਲਾ ਟਰਾਂਸਪੋਰਟ ਦਫ਼ਤਰ 'ਚੋਂ ਪਤਾ ਕੀਤਾ ਕਿ ਹੁਣ ਕੌਣ ਇੰਚਾਰਜ ਹੈ ਤਾਂ ਉਥੇ ਮੌਜੂਦ ਮੈਡਮ ਨੇ ਦੱਸਿਆ ਕਿ ਇਸ ਸਮੇਂ ਕਿਸੇ ਕੋਲ ਵੀ ਚਾਰਜ ਨਹੀਂ ਹੈ ਤੇ ਪਿਛਲੇ 6 ਦਿਨਾਂ ਤੋਂ ਕੰਮ ਬੰਦ ਪਿਆ ਹੈ। ਅਸੀਂ ਤਾਂ ਦਫ਼ਤਰ ਦੀਆਂ ਖਿੜਕੀਆਂ ਵੀ ਬੰਦ ਕੀਤੀਆਂ ਹੋਈਆਂ ਹਨ ਤੇ ਕਿਸੇ ਕੋਲੋਂ ਵੀ ਕੋਈ ਕਾਗਜ਼-ਪੱਤਰ ਨਹੀਂ ਫੜਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸ਼ਾਇਦ ਇਕ ਹਫ਼ਤੇ ਤੱਕ ਜ਼ਿਲਾ ਟਰਾਂਸਪੋਰਟ ਅਫ਼ਸਰ ਦਾ ਚਾਰਜ ਐੱਸ. ਡੀ. ਐੱਮ. ਸ੍ਰੀ ਮੁਕਤਸਰ ਸਾਹਿਬ ਨੂੰ ਦੇ ਦਿੱਤਾ ਜਾਵੇ ਤੇ ਬਠਿੰਡਾ ਰੋਡ 'ਤੇ ਚੱਲ ਰਹੇ ਟਰੈਕ ਦਾ ਚਾਰਜ ਅਸਿਸਟੈਂਟ ਟਰਾਂਸਪੋਰਟ ਅਫ਼ਸਰ ਨੂੰ ਦਿੱਤਾ ਜਾਵੇਗਾ, ਜਦਕਿ ਸਾਰੇ ਕਮਰਸ਼ੀਅਲ ਕੰਮ ਫਰੀਦਕੋਟ ਵਿਖੇ ਹੋਇਆ ਕਰਨਗੇ।
ਡੇਰਾ ਮੁਖੀ 'ਤੇ ਫੈਸਲੇ ਨੇ ਲੋਕਾਂ ਨੂੰ ਪਾਈਆਂ ਭਾਜੜਾਂ, ਦੇਖੋ ਕਿਵੇਂ ਨਵੇਂ ਜੋੜਿਆਂ 'ਤੇ ਵੀ ਪਿਆ ਵੱਡਾ ਅਸਰ
NEXT STORY