ਹੁਸ਼ਿਆਰਪੁਰ, (ਘੁੰਮਣ)- ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਐੱਸ. ਡੀ.ਐੱਮਜ਼ ਅਤੇ ਐੱਸ.ਐੱਚ.ਓਜ਼ ਨਾਲ ਨਸ਼ਿਆਂ ਦੀ ਰੋਕਥਾਮ ਸਬੰਧੀ ਇਕ ਅਹਿਮ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਸੀ ਤਾਲਮੇਲ ਨਾਲ ਜ਼ਿਲੇ ਨੂੰ ਨਸ਼ਾ-ਮੁਕਤ ਕਰਨ ਲਈ ਹੰਭਲਾ ਮਾਰਨ। ਉਨ੍ਹਾਂ ਕਿਹਾ ਜ਼ਿਲੇ ਵਿਚ ਨਸ਼ਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਲਈ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਨਸ਼ਿਆਂ ਵਿਚ ਜਕਡ਼ੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਯੋਗ ਉਪਰਾਲੇ ਕੀਤੇ ਜਾਣ, ਤਾਂ ਜੋ ਨਸ਼ੇ ਛੱਡ ਕੇ ਆਮ ਜ਼ਿੰਦਗੀ ਬਤੀਤ ਕਰ ਸਕਣ।
ਸ਼੍ਰੀਮਤੀ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਿਵੇਕਲੀ ਮੁਹਿੰਮ ‘ਡੈਪੋ’ ਅਤੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫਲ ਬਣਾਉਣ ਲਈ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇਗੀ। ਉਨ੍ਹਾਂ ਐੱਸ. ਡੀ.ਐੱਮਜ਼ ਨੂੰ ਕਿਹਾ ਕਿ ਉਹ ਸਬ-ਡਵੀਜ਼ਨ ਪੱਧਰ ’ਤੇ ਨਿਗਰਾਨੀ ਰੱਖਣ, ਤਾਂ ਜੋ ਵੱਧ ਤੋਂ ਵੱਧ ਨਸ਼ੇ ਵਿਚ ਫਸੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ ਅਤੇ ਨਸ਼ਾ ਵੇਚਣ ਵਾਲਿਆਂ ’ਤੇ ਸ਼ਿਕੰਜ ਕੱਸਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਪਿੰਡਾਂ ਦੀ ਵੀ ਚੋਣ ਕੀਤੀ ਜਾਵੇ, ਜੋ ਨਸ਼ੇ ਵਰਗੀ ਅਲਾਮਤ ਤੋਂ ਦੂਰ ਹਨ, ਤਾਂ ਜੋ ਅਜਿਹੇ ਪਿੰਡਾਂ ਨੂੰ ਨਸ਼ਾ-ਮੁਕਤ ਐਲਾਨਿਆ ਜਾ ਸਕੇ। ਇਸ ਤੋਂ ਇਲਾਵਾ ਪਿੰਡਾਂ ਵਿਚ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕਣ। ਉਨ੍ਹਾਂ ਐੱਸ.ਐੱਚ.ਓਜ਼ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ‘ਡੈਪੋ’ ਤਹਿਤ ਨਿਯੁਕਤ ਕੀਤੀਆਂ ਗਈਆਂ ਨਸ਼ਾ ਨਿਗਰਾਨ ਕਮੇਟੀਆਂ ਨਾਲ ਤਾਲਮੇਲ ਕਰ ਕੇ ਜ਼ਿਲੇ ਵਿਚੋਂ ਨਸ਼ਿਆਂ ਨੂੰ ਜਡ਼੍ਹੋਂ ਖਤਮ ਕਰਨ ਲਈ ਯਤਨ ਹੋਰ ਤੇਜ਼ ਕੀਤੇ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪਮ ਕਲੇਰ, ਐੱਸ. ਡੀ.ਐੱਮ. ਮੁਕੇਰੀਆਂ ਅਦਿੱਤਿਆ ਉੱਪਲ, ਆਈ. ਏ.ਐੱਸ. (ਅੰਡਰ ਟਰੇਨਿੰਗ) ਗੌਤਮ ਜੈਨ, ਐੱਸ. ਡੀ.ਐੱਮ. ਦਸੂਹਾ ਹਰਚਰਨ ਸਿੰਘ, ਐੱਸ. ਡੀ.ਐੱਮ. ਗਡ਼੍ਹਸ਼ੰਕਰ ਹਰਦੀਪ ਸਿੰਘ ਧਾਲੀਵਾਲ, ਐੱਸ. ਡੀ. ਐੱਮ. ਹੁਸ਼ਿਆਰਪੁਰ ਆਰ.ਪੀ. ਸਿੰਘ, ਸਹਾਇਕ ਕਮਿਸ਼ਨਰ ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਅਮਿਤ ਸਰੀਨ, ਡੀ.ਐੱਸ.ਪੀ. ਸੁਖਵਿੰਦਰ ਸਿੰਘ ਤੋਂ ਇਲਾਵਾ ਸਾਰੇ ਥਾਣਿਆਂ ਦੇ ਐੱਸ.ਐੱਚ.ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਬਰੇਲੀ ਦੇ ਮੌਲਵੀਆਂ ਵਿਰੁੱਧ ਕੀਤਾ ਮੁਜ਼ਾਹਰਾ
NEXT STORY