ਗੁਰਦਾਸਪੁਰ/ਪਠਾਨਕੋਟ/ਬਮਿਆਲ, (ਵਿਨੋਦ, ਸ਼ਾਰਦਾ)- ਰੱਖਡ਼ੀ ਦਾ ਤਿਉਹਾਰ ਹੋਵੇ ਅਤੇ ਭੈਣ ਨੂੰ ਭਰਾ ਦੀ ਯਾਦ ਨਾ ਆਵੇ, ਇਹ ਤਾਂ ਹੋ ਨਹੀਂ ਸਕਦਾ। ਇਸ ਅਤੁੱਟ ਰਿਸ਼ਤੇ ਦੇ ਬੰਧਨ ਵਿਚ ਬੱਝੀ ਇਕ ਅਭਾਗੀ ਭੈਣ ਜਲੰਧਰ ਨਿਵਾਸੀ ਅੰਮ੍ਰਿਤਪਾਲ ਕੌਰ ਆਪਣੇ ਸ਼ਹੀਦ ਭਰਾ ਦੀ ਯਾਦ ਦਿਲ ’ਚ ਸਮੇਟੇ ਹੋਏ ਭਾਰਤ-ਪਾਕਿ ਦੀ ਜ਼ੀਰੋ ਲਾਈਨ ’ਤੇ ਵਸੇ ਪਿੰਡ ਸਿੰਬਲ ਦੀ ਬੀ. ਐੱਸ. ਐੱਫ. ਦੀ ਪੋਸਟ ’ਤੇ ਬਣੀ 1971 ਦੇ ਭਾਰਤ-ਪਾਕਿ ਯੁੱਧ ਦੇ ਸ਼ਹੀਦ ਹੋਣ ਵਾਲੇ ਆਪਣੇ ਭਰਾ ਦੀ ਸਮਾਧੀ ’ਤੇ ਪਿਛਲੇ 43 ਸਾਲਾਂ ਤੋਂ ਲਗਾਤਾਰ ਰੱਖਡ਼ੀ ਬੰਨ੍ਹਦੀ ਆ ਰਹੀ ਸੀ ਪਰ ਦੋ ਸਾਲ ਪਹਿਲਾਂ ਭੈਣ-ਭਰਾ ਦੇ ਇਸ ਅਤੁੱਟ ਬੰਧਨ ਦੇ 44ਵਾਂ ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਕੌਰ ਦੀ ਸਾਹਾਂ ਦੀ ਡੋਰ ਟੁੱਟ ਗਈ। ਉਹ ਦੋ ਮਹੀਨੇ ਕੈਂਸਰ ਦੀ ਬੀਮਾਰੀ ਨਾਲ ਲਡ਼ਦੇ ਹੋਏ ਮੌਤ ਦੇ ਮੂੰਹ ’ਚ ਚਲੀ ਗਈ।
ਸ਼ਹੀਦ ਭਰਾ ਦੀ ਸਮਾਧੀ ’ਤੇ ਰੱਖਡ਼ੀ ਬੰਨ੍ਹਣ ਦੀ ਪ੍ਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਉਸ ਸਾਲ ਅੰਮ੍ਰਿਤ ਪਾਲ ਦੀ ਚਚੇਰੀ ਭੈਣ ਨੇ ਸਿੰਬਲ ਪੋਸਟ ’ਤੇ ਜਾ ਕੇ ਆਪਣੇ ਚਚੇਰੇ ਭਰਾ ਸ਼ਹੀਦ ਕਮਲਜੀਤ ਸਿੰਘ ਦੀ ਸਮਾਧੀ ’ਤੇ ਰੱਖਡ਼ੀ ਬੰਨ੍ਹੀ ਸੀ ਅਤੇ ਪੋਸਟ ’ਤੇ ਮੌਜੂਦ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਉਨ੍ਹਾਂ ਨੇ ਇਹ ਵਚਨ ਦਿੱਤਾ ਸੀ ਕਿ ਇਸ ਪ੍ਰੰਪਰਾ ਨੂੰ ਉਹ ਅੱਗੇ ਵਧਾਏਗੀ ਪਰ ਦੁੱਖ ਇਸ ਤੋਂ ਬਾਅਦ ਉਹ ਦੁਬਾਰਾ ਇਸ ਪੋਸਟ ’ਤੇ ਰੱਖਡ਼ੀ ਬੰਨ੍ਹਣ ਨਹੀਂ ਆਈ।
ਮਰਨ ਤੋਂ ਤਿੰਨ ਦਿਨ ਪਹਿਲਾਂ ਅੰਮ੍ਰਿਤਪਾਲ ਕੌਰ ਨੇ ਪ੍ਰੀਸ਼ਦ ਤੋਂ ਲਿਆ ਸੀ ਵਚਨ : ਵਿੱਕੀ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਮਰਨ ਤੋਂ ਤਿੰਨ ਦਿਨ ਪਹਿਲਾਂ ਸ਼ਹੀਦ ਦੀ ਭੈਣ ਅੰਮ੍ਰਿਤਪਾਲ ਕੌਰ ਨੇ ਪ੍ਰੀਸ਼ਦ ਤੋਂ ਇਹ ਵਚਨ ਲਿਆ ਸੀ ਕਿ ਉਨ੍ਹਾਂ ਵੱਲੋਂ ਪਿਛਲੇ 43 ਸਾਲਾਂ ਤੋਂ ਆਪਣੇ ਭਰਾ ਦੀ ਸਮਾਧੀ ’ਤੇ ਰੱਖਡ਼ੀ ਬੰਨ੍ਹਣ ਦੀ ਸ਼ੁਰੂ ਕੀਤੀ ਗਈ ਪ੍ਰੰਪਰਾ ਰੁਕਣੀ ਨਹੀਂ ਚਾਹੀਦੀ। ਚਾਹੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਦੂਜਾ ਮੈਂਬਰ ਬੇਸ਼ੱਕ ਇਥੇ ਨਾ ਪਹੁੰਚੇ। ਇਸ ਵਚਨ ਦੀ ਡੋਰੀ ਨਾਲ ਬੱਝੇ ਪ੍ਰੀਸ਼ਦ ਦੇ ਮੈਂਬਰਾਂ ਨੇ ਇਕ ਨਵੀਂ ਪ੍ਰੰਪਰਾ ਦੀ ਸ਼ੁਰੂਆਤ ਕਰਦੇ ਹੋਏ ਬੀਤੇ ਸਾਲ ਇਸ ਪੋਸਟ ’ਤੇ ਪਹੁੰਚ ਕੇ ਸ਼ਹੀਦ ਦੀ ਸਮਾਧੀ ’ਤੇ ਰੱਖਡ਼ੀ ਬੰਨ੍ਹੀ ਸੀ ਪਰ ਇਸ ਵਾਰ ਜਿਸ ਪਿੰਡ ਸਿੰਬਲ ਨੂੰ ਬਚਾਉਂਦੇ ਹੋਏ ਕਮਲਜੀਤ ਨੇ ਸ਼ਹਾਦਤ ਪਾਈ ਸੀ, ਉਸ ਪਿੰਡ ਦੀ ਪ੍ਰਿਆ ਤੇ ਕੁਲਜਿੰਦਰ ਕੌਰ ਨੇ ਪ੍ਰੀਸ਼ਦ ਮੈਂਬਰਾਂ ਨਾਲ ਸ਼ਹੀਦ ਦੀ ਸਮਾਧੀ ’ਤੇ ਰੇਸ਼ਮ ਦੀ ਡੋਰੀ ਬੰਨ੍ਹ ਕੇ ਅੰਮ੍ਰਿਤਪਾਲ ਵੱਲੋਂ 43 ਸਾਲ ਪਹਿਲਾਂ ਸ਼ੁਰੂ ਕੀਤੀ ਪ੍ਰੰਪਰਾ ਨੂੰ ਬਰਕਰਾਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪੋਸਟ ’ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਦੀ ਕਲਾਈ ’ਤੇ ਰੱਖਡ਼ੀ ਬੰਨ੍ਹ ਕੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਬੇਸ਼ੱਕ ਉਨ੍ਹਾਂ ਦੀ ਮੂੰਹ ਬੋਲੀ ਭੈਣ ਅੰਮ੍ਰਿਤਪਾਲ ਕੌਰ ਦੀਅਾਂ ਸਾਹਾਂ ਦੀ ਡੋਰ ਟੁੱਟੀ ਹੈ ਪਰ ਰੱਖੜੀ ਦਾ ਇਹ ਅਤੁੱਟ ਰਿਸ਼ਤਾ ਕਦੇ ਨਹੀਂ ਟੁੱਟੇਗਾ। ਪੋਸਟ ਦੇ ਇੰਸਪੈਕਟਰ ਪ੍ਰਬੋਧ ਮਹਾਜਨ ਨੇ ਦੱਸਿਆ ਕਿ ਅੰਮ੍ਰਿਤਪਾਲ ਕੌਰ ਵੱਲੋਂ ਸਰਹੱਦ ’ਤੇ ਆ ਕੇ ਸਾਡੇ ਜਵਾਨਾਂ ਨੂੰ ਰੱਖਡ਼ੀ ਬੰਨ੍ਹਣ ਦੀ ਪ੍ਰੰਪਰਾ ਨੂੰ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਬਰਕਰਾਰ ਰੱਖਿਆ ਗਿਆ ਹੈ।
ਇਸ ਮੌਕੇ ਸ਼ਹੀਦ ਕਰਨਲ ਕੇ. ਐੱਲ. ਗੁਪਤਾ ਦੇ ਭਰਾ ਸੁਰਿੰਦਰ ਗੁਪਤਾ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਰਾਜਪੂਤ ਮਹਾਸਭਾ, ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਕੁੰਵਰ ਸੰਤੋਖ ਸਿੰਘ ਸਮੇਤ ਹੋਰ ਹਾਜ਼ਰ ਸਨ।
ਨਸ਼ੇ ਵਾਲੀਅਾਂ ਗੋਲੀਆਂ ਤੇ ਕੈਪਸੂਲਾਂ ਸਮੇਤ 2 ਕਾਬੂ
NEXT STORY