ਚੰਡੀਗੜ੍ਹ (ਸੁਸ਼ੀਲ) - ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਸਮਰਥਕਾਂ 'ਤੇ ਚੰਡੀਗੜ੍ਹ ਪੁਲਸ ਡਰੋਨ ਨਾਲ ਨਜ਼ਰ ਰੱਖੇਗੀ। ਚੰਡੀਗੜ੍ਹ ਪੂਰਾ ਸੰਵੇਦਨਸ਼ੀਲ ਮੰਨਦੇ ਹੋਏ ਪੁਲਸ ਅਫ਼ਸਰਾਂ ਨੇ ਪੂਰੇ ਸ਼ਹਿਰ ਨੂੰ ਬੁੱਧਵਾਰ ਸ਼ਾਮ 6 ਵਜੇ ਤੋਂ 25 ਅਗਸਤ ਤਕ ਸੀਲ ਕਰ ਦਿੱਤਾ ਹੈ। ਇਹ ਜਾਣਕਾਰੀ ਡੀ. ਜੀ. ਪੀ. ਤਜਿੰਦਰ ਸਿੰਘ ਲੁਥਰਾ ਨੇ ਦਿੱਤੀ। ਉਨ੍ਹਾਂ ਨਾਲ ਡੀ. ਆਈ. ਜੀ. ਡਾ. ਓ. ਪੀ. ਮਿਸ਼ਰਾ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੋਹਾਲੀ, ਪੰਚਕੂਲਾ ਤੇ ਜ਼ੀਰਕਪੁਰ ਤੋਂ ਆਉਣ ਵਾਲੇ ਹਰ ਵਾਹਨ ਚਾਲਕ ਨੂੰ ਰੋਕ ਕੇ ਚੰਡੀਗੜ੍ਹ ਪੁਲਸ ਪੁੱਛਗਿੱਛ ਕਰੇਗੀ। ਚੰਡੀਗੜ੍ਹ 'ਚ ਆਉਣ ਤੋਂ ਪਹਿਲਾਂ ਵਾਹਨ ਚਾਲਕਾਂ ਨੂੰ ਚੰਡੀਗੜ੍ਹ ਆਉਣ ਦਾ ਕਾਰਨ ਦੱਸਣਾ ਪਵੇਗਾ। ਚੰਡੀਗੜ੍ਹ ਪੁਲਸ ਨੇ ਸਾਰੇ ਐਂਟਰੀ ਪੁਆਇੰਟਾਂ 'ਤੇ ਬੈਰੀਕੇਡਸ ਲਾ ਕੇ ਥਾਣਾ ਪੁਲਸ, ਰਿਜ਼ਰਵ ਬਟਾਲੀਅਨ ਤੇ ਪੈਰਾਮਿਲਟਰੀ ਫੋਰਸ ਲਾਈ ਹੈ। ਬਿਨਾਂ ਚੈਕਿੰਗ ਦੇ ਕੋਈ ਵੀ ਵਾਹਨ ਚੰਡੀਗੜ੍ਹ 'ਚ ਨਹੀਂ ਆਉਣ ਦਿੱਤਾ ਜਾਵੇਗਾ। ਚੰਡੀਗੜ੍ਹ 'ਚ ਸਭ ਤੋਂ ਜ਼ਿਆਦਾ ਫੋਰਸ ਪੰਚਕੂਲਾ ਨਾਲ ਲਗਦੇ ਇਲਾਕੇ ਮਨੀਮਾਜਰਾ, ਕਿਸ਼ਨਗੜ੍ਹ ਤੇ ਮੌਲੀਜਾਗਰਾਂ 'ਚ ਲਾਈ ਗਈ ਹੈ। ਇਨ੍ਹਾਂ ਇਲਾਕਿਆਂ 'ਚ ਚੰਡੀਗੜ੍ਹ ਪੁਲਸ ਨੇ ਵਾਧੂ ਫੋਰਸ ਲਾਈ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਪੰਚਕੂਲਾ ਤੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਸਮਰਥਕ ਚੰਡੀਗੜ੍ਹ ਆ ਸਕਦੇ ਹਨ।
ਡੀ. ਜੀ. ਪੀ. ਤਜਿੰਦਰ ਸਿੰਘ ਲੁਥਰਾ ਨੇ ਸਾਫ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੀ ਚੰਡੀਗੜ੍ਹ 'ਚ ਜ਼ਰੂਰਤ ਨਹੀਂ ਹੈ, ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੰਡੀਗੜ੍ਹ 'ਚ ਤਿੰਨ ਦਿਨਾਂ ਤਕ ਸ਼ਾਂਤੀ ਬਣਾਈ ਰੱਖਣ ਲਈ ਚੰਡੀਗੜ੍ਹ ਪੁਲਸ ਨੇ ਫੋਰਸ ਤੋਂ ਇਲਾਵਾ ਵੱਡੇ ਵਾਹਨ ਤੇ ਬੱਸਾਂ ਮੰਗਵਾਈਆਂ ਹਨ ਤਾਂ ਜੋ ਡੇਰਾ ਸਮਰਥਕਾਂ ਨੂੰ ਫੜ ਕੇ ਕ੍ਰਿਕਟ ਸਟੇਡੀਅਮ 'ਚ ਬੰਦ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸੰਵੇਦਨਸ਼ੀਲ ਇਲਾਕਿਆਂ ਤੇ ਐਂਟਰੀ ਪੁਆਇੰਟਾਂ 'ਤੇ ਵੀਡੀਓਗ੍ਰਾਫਰ ਤਾਇਨਾਤ ਕੀਤਾ ਗਿਆ ਹੈ, ਜੋ ਹਰ ਆਉਣ-ਜਾਣ ਵਾਲੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਕੈਦ ਕਰੇਗਾ। ਇਸ ਦੀ ਸੁਪਰਵੀਜ਼ਨ ਖੁਦ ਡੀ. ਜੀ. ਪੀ. ਤਜਿੰਦਰ ਸਿੰਘ ਲੁਥਰਾ ਤੇ ਡੀ. ਆਈ. ਜੀ. ਕਰਨਗੇ।
ਇਸਦੇ ਨਾਲ ਪੂਰੇ ਸ਼ਹਿਰ ਦੀ ਸੁਰੱਖਿਆ ਦਾ ਜ਼ਿੰਮਾ ਐੱਸ. ਪੀ. ਹੈੱਡਕੁਆਰਟਰ ਡਾ. ਈਸ਼ ਸਿੰਘਲ ਨੂੰ ਦਿੱਤਾ ਗਿਆ ਹੈ ਤੇ ਪੁਲਸ ਦੇ 5 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਸਾਰੇ ਪੁਲਸ ਕਰਮਚਾਰੀਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਕੁਝ ਫੋਰਸ ਤੇ ਵਾਹਨ ਬਾਹਰ ਤੋਂ ਵੀ ਮੰਗਵਾਏ ਹਨ। ਇਸ ਤੋਂ ਬਾਅਦ ਵੀ ਜੇ ਜ਼ਰੂਰਤ ਪਈ ਤਾਂ ਉਨ੍ਹਾਂ ਕੋਲ ਲੋੜੀਂਦੀ ਪੁਲਸ ਫੋਰਸ ਹੈ। ਚੰਡੀਗੜ੍ਹ ਪੁਲਸ ਵਲੋਂ ਪੰਜਾਬ ਤੇ ਹਰਿਆਣਾ ਦੇ ਨਾਲ ਖੁਫੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਚੰਡੀਗੜ੍ਹ 'ਚ ਪਹਿਲਾਂ ਤੋਂ ਹੀ ਧਾਰਾ 144 ਲਾ ਦਿੱਤੀ ਗਈ ਹੈ ਤੇ ਜੋ ਡੇਰਾ ਸਮਰਥਕ ਚੰਡੀਗੜ੍ਹ ਤੋਂ ਹੋ ਕੇ ਪੰਚਕੂਲਾ ਜਾਣਾ ਚਾਹੁੰਣਗੇ, ਨੂੰ ਨਹੀਂ ਜਾਣ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਡੇਰਾ ਸਮਰਥਕ ਨੂੰ ਪੰਚਕੂਲਾ ਤੋਂ ਚੰਡੀਗੜ੍ਹ 'ਚ ਆਉਣ ਦਿੱਤਾ ਜਾਵੇਗਾ। ਆਉਣ-ਜਾਣ ਦੇ ਸਾਰੇ ਮਾਰਗ ਸੀਲ ਕਰ ਦਿੱਤੇ ਜਾਣਗੇ।
ਚੰਡੀਗੜ੍ਹ 'ਚ ਮੌਜੂਦ ਡੇਰਾ ਸਮਰਥਕਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਪੰਚਕੂਲਾ : ਡੀ. ਜੀ. ਪੀ. ਲੁਥਰਾ ਨੇ ਦੱਸਿਆ ਕਿ ਚੰਡੀਗੜ੍ਹ 'ਚ ਹਜ਼ਾਰਾਂ ਡੇਰਾ ਪ੍ਰਮੁੱਖ ਦੇ ਸਮਰਥਕ ਹਨ। ਇਨ੍ਹਾਂ ਨੂੰ ਚੰਡੀਗੜ੍ਹ ਪੁਲਸ ਵਲੋਂ ਪੰਚਕੂਲਾ ਵੱਲ ਕੂਚ ਨਹੀਂ ਕਰਨ ਦਿੱਤਾ ਜਾਵੇਗਾ। ਇਸ ਲਈ ਚੰਡੀਗੜ੍ਹ ਪੁਲਸ ਡੇਰਾ ਸਮਰਥਕਾਂ ਨਾਲ ਗੱਲਬਾਤ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸੀ. ਆਈ. ਡੀ. ਵਿੰਗ ਨੇ ਸਮਰਥਕਾਂ 'ਤੇ ਪਲ-ਪਲ ਨਜ਼ਰ ਬਣਾਈ ਹੋਈ ਹੈ।
ਈਸਟ ਡਵੀਜ਼ਨ 'ਚ ਪੁਲਸ ਨੇ ਕੱਢਿਆ ਫਲੈਗ ਮਾਰਚ : ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਫੈਸਲਾ ਆਉਣ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਨੇ ਬੁੱਧਵਾਰ ਨੂੰ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਈਸਟ ਡਵੀਜ਼ਨ 'ਚ ਡੀ. ਐੱਸ. ਪੀ. ਸਤੀਸ਼ ਕੁਮਾਰ ਦੀ ਅਗਵਾਈ 'ਚ ਰੇਲਵੇ ਸਟੇਸ਼ਨ ਤੇ ਦੜਵਾ 'ਚ ਕੱਢਿਆ ਗਿਆ। ਪੁਲਸ ਨੇ ਫਲੈਗ ਮਾਰਚ ਕੱਢ ਕੇ ਕਹਿ ਦਿੱਤਾ ਹੈ ਕਿ ਜੇ ਡੇਰਾ ਸਮਰਥਕ ਚੰਡੀਗੜ੍ਹ 'ਚ ਅਸ਼ਾਂਤੀ ਫੈਲਾਉਂਦੇ ਹਨ ਤਾਂ ਪੁਲਸ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ।
ਸ਼ਾਂਤੀ ਬਣਾਈ ਰੱਖਣ ਲਈ ਲੋਕ ਕਰਨ ਪੁਲਸ ਦਾ ਸਹਿਯੋਗ “: ਡੀ. ਜੀ. ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਂਟਰੀ ਪੁਆਇੰਟ 'ਤੇ ਚੈਕਿੰਗ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ ਪਰ ਸ਼ਹਿਰ 'ਚ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਨਾਲ ਆਮ ਜਨਤਾ ਪੂਰਾ ਸਹਿਯੋਗ ਕਰੇ। ਇਸ ਦੌਰਾਨ ਗੱਡੀਆਂ ਚੈੱਕ ਕਰਦੇ ਸਮੇਂ ਜਾਮ ਵੀ ਲੱਗ ਸਕਦਾ ਹੈ ਪਰ ਸੁਰੱਖਿਆ ਦੇ ਲਿਹਾਜ ਨਾਲ ਚੈਕਿੰਗ ਬਹੁਤ ਜ਼ਰੂਰੀ ਹੈ, ਜੇ ਸ਼ਹਿਰ 'ਚ ਕੋਈ ਸ਼ੱਕੀ ਵਿਅਕਤੀ ਘੁੰਮਦਾ ਹੈ ਤਾਂ ਪੁਲਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ ਜਾ ਸਕਦੀ ਹੈ।
ਸਭ ਬੰਦ ਪਰ ਚੱਲਣਗੀਆਂ ਸੀ. ਟੀ. ਯੂ. ਦੀਆਂ ਬੱਸਾਂ
NEXT STORY