ਮੋਹਾਲੀ (ਕੁਲਦੀਪ) - ਐਮਰਜੈਂਸੀ 'ਚੋਂ ਸਟਰੈਚਰ ਤੇ ਜੱਚਾ-ਬੱਚਾ ਹਸਪਤਾਲ 'ਚੋਂ ਬੱਚਿਆਂ ਦਾ ਡਾਕਟਰ ਗਾਇਬ ਹੈ । ਇਹ ਕੋਈ ਬੁਝਾਰਤ ਨਹੀਂ ਸਗੋਂ ਸਿਵਲ ਹਸਪਤਾਲ ਮੋਹਾਲੀ ਲਈ ਇਕ ਸਲੋਗਨ ਜਿਹਾ ਹੀ ਬਣ ਗਿਆ ਹੈ । ਮਤਲਬ ਇਹ ਕਿ ਹਸਪਤਾਲ ਦੀ ਐਮਰਜੈਂਸੀ ਦੇ ਵਰਾਂਡੇ ਵਿਚੋਂ ਸਟਰੈਚਰ ਤੇ ਜੱਚਾ-ਬੱਚਾ ਹਸਪਤਾਲ ਵਿਚ ਬੱਚਿਆਂ ਦਾ ਡਾਕਟਰ ਅਕਸਰ ਗਾਇਬ ਹੀ ਰਹਿੰਦਾ ਹੈ । ਜ਼ਿਲੇ ਦੇ ਇਕਲੌਤੇ ਇਸ ਸਿਵਲ ਹਸਪਤਾਲ ਵਿਚੋਂ ਇਹ ਦੋਵੇਂ ਡਾਕਟਰ ਗਾਇਬ ਰਹਿਣ ਕਾਰਨ ਇਥੇ ਆਉਣ ਵਾਲ1ੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਡਾਕਟਰ ਦੇ ਗਾਇਬ ਰਹਿਣ ਦਾ ਕਾਰਨ ਪਤਾ ਲੱਗਾ ਹੈ ਕਿ ਹਸਪਤਾਲ ਵਿਚ ਬੱਚਿਆਂ ਦਾ ਮਾਹਰ ਇਕਲੌਤਾ ਡਾਕਟਰ ਹੈ ।
ਸਾਮਾਨ ਢੋਹਣ ਲਈ ਹੁੰਦੀ ਹੈ ਸਟਰੈਚਰਾਂ ਦੀ ਵਰਤੋਂ : ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਬਾਹਰ ਆਉਣ ਵਾਲੇ ਕਿਸੇ ਵੀ ਗੰਭੀਰ ਕਿਸਮ ਦੇ ਮਰੀਜ਼ਾਂ ਨੂੰ ਪਾ ਕੇ ਲੈ ਜਾਣ ਵਾਲੇ ਸਟਰੈਚਰ ਅਕਸਰ ਹੀ ਗਾਇਬ ਰਹਿੰਦੇ ਹਨ । ਜੇਕਰ ਇਹ ਵੀ ਕਿਹਾ ਜਾਵੇ ਕਿ ਸਟਰੈਚਰ ਅਕਸਰ ਵੀ. ਆਈ. ਪੀ. ਡਿਊਟੀ 'ਤੇ ਰਹਿੰਦੇ ਹਨ ਤਾਂ ਵੀ ਅੱਤਕਥਨੀ ਨਹੀਂ ਹੋਵੇਗੀ । ਸਟਰੈਚਰਾਂ ਦੀ ਵਰਤੋਂ ਮਰੀਜ਼ਾਂ ਲਈ ਨਹੀਂ ਸਗੋਂ ਹਸਪਤਾਲ ਦੀਆਂ ਦਵਾਈਆਂ ਦੇ ਡੱਬੇ ਤੇ ਹੋਰ ਸਾਮਾਨ ਇਧਰ-ਉਧਰ ਲੈ ਕੇ ਜਾਣ ਲਈ ਹੁੰਦੀ ਹੈ ।
ਵੀਰਵਾਰ ਨੂੰ ਵੀ ਹਸਪਤਾਲ ਦੀ ਐਮਰਜੈਂਸੀ ਵਿਚ ਇਕ ਵੀ ਸਟਰੈਚਰ ਨਹੀਂ ਸੀ । ਜਦੋਂ ਕਿਸੇ ਮਰੀਜ਼ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਸਟਰੈਚਰ ਲੱਭਣਾ ਚਾਹਿਆ ਤਾਂ ਐਮਰਜੈਂਸੀ ਦੇ ਬਰਾਂਡੇ ਵਿਚ ਸਟਰੈਚਰ ਨਹੀਂ ਸੀ। ਸਿਰਫ ਇਕਲੌਤੀ ਵ੍ਹੀਲਚੇਅਰ ਹੀ ਪਈ ਸੀ । ਹਸਪਤਾਲ ਵਿਚ ਜੇਕਰ ਬਾਹਰੋਂ ਕਿਸੇ ਹਾਦਸੇ ਵਾਲੇ ਮਰੀਜ਼ ਤੇ ਫਿਰ ਕਿਸੇ ਅਜਿਹੇ ਮਰੀਜ਼ ਨੂੰ ਲਿਆਇਆ ਜਾਂਦਾ ਹੈ ਜੋ ਕਿ ਚੱਲ ਕੇ ਅੰਦਰ ਨਹੀਂ ਜਾ ਸਕਦਾ ਤਾਂ ਉਸ ਨੂੰ ਲੈ ਕੇ ਜਾਣ ਲਈ ਸਟਰੈਚਰ ਜ਼ਰੂਰੀ ਹੁੰਦਾ ਹੈ । ਸਟਰੈਚਰ ਨਾ ਹੋਣ ਕਾਰਨ ਅਜਿਹੇ ਮਰੀਜ਼ ਨੂੰ ਦੋ ਵਿਅਕਤੀ ਹੀ ਆਪਣੇ ਹੱਥਾਂ ਵਿਚ ਥਮਾ ਕੇ ਅੰਦਰ ਤੱਕ ਲਿਜਾਂਦੇ ਹਨ । ਕੁਝ ਦਿਨ ਪਹਿਲਾਂ ਕਾਰ ਵਿਚ ਬੇਹੋਸ਼ ਹੋਏ ਵਿਅਕਤੀ ਨੂੰ ਜਦੋਂ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਉਸ ਸਮੇਂ ਵੀ ਸਟਰੈਚਰ ਨਾ ਮਿਲਣ ਕਾਰਨ ਲੋਕਾਂ ਨੇ ਚੁੱਕ ਕੇ ਹੀ ਉਸ ਨੂੰ ਐਮਰਜੈਂਸੀ ਤੱਕ ਪਹੁੰਚਾਇਆ ਸੀ ।
ਜੱਚਾ-ਬੱਚਾ ਹਸਪਤਾਲ 'ਚ ਮਰੀਜ਼ ਜ਼ਿਆਦਾ, ਡਾਕਟਰ ਇਕ : ਜੱਚਾ-ਬੱਚਾ ਹਸਪਤਾਲ ਵਿਚ ਬੱਚਿਆਂ ਦਾ ਮਾਹਰ ਇਕਲੌਤਾ ਡਾਕਟਰ ਹੀ ਹੈ । ਅਕਸਰ ਲੋਕਾਂ ਦਾ ਇਲਜ਼ਾਮ ਹੁੰਦਾ ਹੈ ਕਿ ਬੱਚਿਆਂ ਦਾ ਡਾਕਟਰ ਹਸਪਤਾਲ 'ਚੋਂ ਗਾਇਬ ਰਹਿੰਦਾ ਹੈ । ਇਹ ਡਾਕਟਰ ਅੱਜ ਵੀਰਵਾਰ ਨੂੰ ਵੀ ਆਪਣੀ ਸੀਟ ਤੋਂ ਗੈਰ-ਹਾਜ਼ਰ ਰਿਹਾ । ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਆਈਆਂ ਔਰਤਾਂ ਨੇ ਦੱਸਿਆ ਕਿ ਡਾਕਟਰ ਦੁਪਹਿਰ ਸਵਾ ਬਾਰਾਂ ਵਜੇ ਆਪਣੀ ਸੀਟ ਤੋਂ ਚਲਾ ਗਿਆ ਜੋ ਕਿ ਡੇਢ ਵਜੇ ਤੱਕ ਵੀ ਹਸਪਤਾਲ 'ਚ ਵਾਪਸ ਨਹੀਂ ਆਇਆ । ਆਪਣੀ ਵਾਰੀ ਨੂੰ ਲੈ ਕੇ ਲਾਈਨ ਵਿਚ ਲੱਗੀਆਂ ਔਰਤਾਂ ਡਾਕਟਰ ਦਾ ਇੰਤਜ਼ਾਰ ਕਰਦੀਆਂ ਰਹੀਆਂ । ਅਜਿਹਾ ਅਕਸਰ ਹੁੰਦਾ ਰਹਿੰਦਾ ਹੈ ।
ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਜੱਚਾ-ਬੱਚਾ ਹਸਪਤਾਲ ਵਿਚ ਡਾ. ਤੇਜਵੀਰ ਸਿੰਘ ਇਕਲੌਤਾ ਡਾਕਟਰ ਹੈ । ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਅਬਨਾਰਮਲ ਨਵਜੰਮੇ ਬੱਚਿਆਂ ਦਾ ਯੂਨਿਟ ਸਿੱਕ ਨਿਊਬਾਰਨ ਕੇਅਰ ਯੂਨਿਟ (ਐੱਸ. ਐੱਨ. ਸੀ. ਯੂ.) ਮੌਜੂਦ ਹੈ ਜਿਥੇ ਅਬਨਾਰਮਲ ਨਵਜੰਮੇ ਬੱਚੇ ਦਾਖਲ ਰਹਿੰਦੇ ਹਨ । ਬੱਚਿਆਂ ਦਾ ਮਾਹਰ ਡਾਕਟਰ ਭਾਵੇਂ ਹੀ ਸਵੇਰ ਦੇ ਸਮੇਂ ਓ. ਪੀ. ਡੀ. ਵਿਚ ਬੱਚਿਆਂ ਨੂੰ ਵੇਖਦਾ ਹੈ ਪਰ ਅਚਾਨਕ ਉਸ ਨੂੰ ਐੱਸ. ਐੱਨ. ਸੀ. ਯੂ. ਵਿਚ ਜ਼ਰੂਰਤ ਪੈਣ 'ਤੇ ਵੀ ਭੱਜਣਾ ਪੈਂਦਾ ਹੈ । ਜਦੋਂ ਡਾਕਟਰ ਐੱਸ. ਐੱਨ. ਸੀ. ਯੂ. ਯੂਨਿਟ ਵਿਚ ਚਲਾ ਜਾਂਦਾ ਹੈ ਤਾਂ ਓ. ਪੀ. ਡੀ. ਦੇ ਮਰੀਜ਼ ਪ੍ਰੇਸ਼ਾਨ ਹੋ ਜਾਂਦੇ ਹਨ ।
ਬੱਚਿਆਂ ਦਾ ਮਾਹਰ ਡਾਕਟਰ ਹੋਰ ਲਾਉਣ ਦੀ ਮੰਗ : ਲੋਕਾਂ ਦੀ ਮੰਗ ਹੈ ਕਿ ਸਿਵਲ ਹਸਪਤਾਲ ਮੋਹਾਲੀ ਦੇ ਜੱਚਾ-ਬੱਚਾ ਹਸਪਤਾਲ ਵਿਚ ਇਕ ਹੋਰ ਬੱਚਿਆਂ ਦਾ ਮਾਹਰ ਡਾਕਟਰ ਤਾਇਨਾਤ ਕੀਤਾ ਜਾਵੇ ਤਾਂ ਜੋ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋ ਸਕੇ ।
101 ਸਾਲਾ ਮਨ ਕੌਰ ਨੇ ਵਾਕਥਾਨ 'ਚ ਲਿਆ ਹਿੱਸਾ
NEXT STORY