ਫ਼ਰੀਦਕੋਟ, (ਹਾਲੀ)- ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈੱਡ ਕੁਆਰਟਰ ਦੇ ਸੱਦੇ 'ਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵਿਰੋਧ ਵਿਚ ਪੀ. ਸੀ. ਐੱਮ. ਐੱਸ. ਅਤੇ ਪ੍ਰਾਈਵੇਟ ਡਾਕਟਰਜ਼ ਐਸੋਸੀਏਸ਼ਨ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਲੈ ਕੇ ਸ਼ਾਹੀ ਹਵੇਲੀ ਤੱਕ ਸਾਈਕਲ ਰੈਲੀ ਕੱਢੀ ਗਈ, ਜਿਸ ਦੌਰਾਨ ਆਮ ਲੋਕਾਂ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵਿਰੋਧ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਬਰਾੜ ਅਤੇ ਸਕੱਤਰ ਡਾ. ਬਿਮਲ ਗਰਗ ਨੇ ਕਿਹਾ ਕਿ ਇੰਡੀਅਨ ਮੈਡੀਕਲ ਕਾਊਂਸਿਲ ਦੇ ਲੋਕਤੰਤਰਕ ਢਾਂਚੇ ਨੂੰ ਤੋੜ ਕੇ ਗੈਰ-ਸੰਵਿਧਾਨਕ ਤਰੀਕੇ ਨਾਲ ਕੇਂਦਰ ਸਰਕਾਰ ਸਾਰਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੇ ਡਾਕਟਰ, ਜੋ ਦੇਸ਼ ਵਿਚ 70 ਫੀਸਦੀ ਸਿਹਤ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਵਿਚ ਕੋਈ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਉਨ੍ਹਾਂ ਨੇ ਬ੍ਰਿਜ ਕੋਰਸ ਦਾ ਵਿਰੋਧ ਕਰਦਿਆਂ ਕਿਹਾ ਕਿ ਐਲੋਪੈਥਿਕ ਡਾਕਟਰ ਅਣਥੱਕ ਮਿਹਨਤ ਕਰ ਕੇ ਸਾਢੇ 5 ਸਾਲਾਂ ਵਿਚ ਐਲੋਪੈਥੀ ਸਿੱਖਦੇ ਹਨ ਅਤੇ ਜਿਨ੍ਹਾਂ ਡਾਕਟਰਾਂ ਨੇ ਸਿਰਫ ਆਯੁਰਵੈਦਿਕ ਸਿੱਖਿਆ ਲਈ ਹੈ, ਉਹ 6 ਮਹੀਨਿਆਂ ਵਿਚ ਐਲੋਪੈਥੀ ਕਿਵੇਂ ਸਿੱਖ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਮਨਮਾਨੀ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ, ਜਿਸ ਨਾਲ ਮੈਡੀਕਲ ਸਿੱਖਿਆ ਹੋਰ ਮਹਿੰਗੀ ਹੋ ਜਾਵੇਗੀ।
ਡਾ. ਸੁਖਵਿੰਦਰ ਸਿੰਘ ਬਰਾੜ ਅਤੇ ਡਾ. ਬਿਮਲ ਗਰਗ ਨੇ ਕਿਹਾ ਕਿ ਪੀ. ਐੱਨ. ਡੀ. ਟੀ. ਐਕਟ ਅਧੀਨ ਕੀਤੀਆਂ ਗਈਆਂ ਮਾਮੂਲੀ ਕਾਗਜ਼ੀ ਗਲਤੀਆਂ ਸਬੰਧੀ ਡਾਕਟਰਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਅਤੇ ਨਰਸਿੰਗ ਹੋਮ ਐਕਟ ਕਾਰਨ ਇੰਸਪੈਕਟਰੀ ਰਾਜ ਲਾਗੂ ਹੋਣ ਨਾਲ ਇਲਾਜ ਮਹਿੰਗਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੰਜ਼ਿਊਮਰ ਐਕਟ ਅਧੀਨ ਵਾਜਿਬ ਜੁਰਮਾਨਾ ਹੋਣਾ ਚਾਹੀਦਾ ਹੈ ਅਤੇ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੂੰ ਐਗਜ਼ਿਟ ਟੈਸਟ ਦੇਣ ਸਬੰਧੀ ਮਜਬੂਰ ਨਹੀਂ ਕਰਨਾ ਚਾਹੀਦਾ। ਡਾਕਟਰਾਂ ਦੀਆਂ ਮੰਗਾਂ ਸਬੰਧੀ 25 ਮਾਰਚ ਨੂੰ ਦਿੱਲੀ ਵਿਖੇ ਭਾਰਤ ਦੇ ਸਮੂਹ ਡਾਕਟਰ ਰੋਸ ਮਾਰਚ ਕਰਨਗੇ।
ਇਸ ਦੌਰਾਨ ਜ਼ਿਲਾ ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਦੇ ਪ੍ਰਧਾਨ ਡਾ. ਚੰਦਰ ਸ਼ੇਖਰ, ਡਾ. ਪਰਮਦੀਪ ਸਿੰਘ ਪ੍ਰਧਾਨ ਮੈਡੀਕਲ ਟੀਚਰਜ਼ ਐਸੋਸੀਏਸ਼ਨ, ਡਾ. ਮਨਜੀਤ ਸਿੰਘ, ਡਾ. ਵਿਸ਼ਵਦੀਪ ਗੋਇਲ, ਡਾ. ਏ. ਪੀ. ਐੱਸ. ਕੋਛੜ, ਡਾ. ਸੰਦੀਪ ਗੋਇਲ, ਡਾ. ਡੀ. ਆਰ. ਗਰਗ, ਡਾ. ਆਰ. ਕੇ. ਆਨੰਦ, ਡਾ. ਸੰਜੀਵ ਗੋਇਲ, ਡਾ. ਪ੍ਰਵੀਨ ਗੁਪਤਾ, ਡਾ. ਬਿਕਰਮ ਸਿੰਗਲਾ, ਜਨਿੰਦਰ ਜੈਨ ਆਦਿ ਹਾਜ਼ਰ ਸਨ।
ਡੈਮੋਕਰੇਟਿਕ ਮੁਲਾਜ਼ਮਾਂ ਕੀਤੀ ਨਾਅਰੇਬਾਜ਼ੀ
NEXT STORY