ਅੰਮ੍ਰਿਤਸਰ, (ਅਰੁਣ)- ਘਰੇਲੂ ਨੌਕਰਾਣੀ ਨੇ ਘਰ 'ਚ ਪਏ ਪੜ੍ਹਾਈ ਦੇ ਸਰਟੀਫਿਕੇਟ ਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਮਗਰੋਂ ਸਰਟੀਫਿਕੇਟ ਦੇ ਆਧਾਰ 'ਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਲੈ ਲਈ। ਇਹ ਭੇਤ ਉਸ ਵੇਲੇ ਖੁੱਲ੍ਹਿਆ ਜਦੋਂ ਘਰ ਦੀ ਮਾਲਕਣ ਬੀਮਾਰ ਹੋਣ 'ਤੇ ਉਕਤ ਹਸਪਤਾਲ 'ਚ ਇਲਾਜ ਲਈ ਪੁੱਜੀ ਅਤੇ ਉਸ ਦੀ ਉਹ ਨੌਕਰਾਣੀ ਹਸਪਤਾਲ ਵਿਚ ਉਸ ਦੀ ਲੜਕੀ ਦੇ ਨਾਂ 'ਤੇ ਨਰਸ ਦੀ ਨੌਕਰੀ ਕਰ ਰਹੀ ਸੀ।
ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਰੇਨੂਕਾ ਜਸ਼ਨ ਨੇ ਦੱਸਿਆ ਕਿ ਨਾਗ ਕਲਾਂ ਵਾਸੀ ਮਨਦੀਪ ਕੌਰ ਪੁੱਤਰੀ ਅਨੋਖ ਸਿੰਘ ਉਸ ਦੇ ਘਰ ਨੌਕਰਾਣੀ ਦਾ ਕੰਮ ਕਰਦੀ ਸੀ ਅਤੇ ਕੁਝ ਚਿਰ ਪਹਿਲਾਂ ਉਸ ਨੇ ਇਹ ਨੌਕਰੀ ਛੱਡ ਦਿੱਤੀ ਸੀ। ਬੀਮਾਰ ਹੋਣ ਮਗਰੋਂ ਜਦੋਂ ਉਹ ਮਜੀਠਾ ਰੋਡ ਸਥਿਤ ਅਕਾਸ਼ਦੀਪ ਹਸਪਤਾਲ ਪੁੱਜੀ ਤਾਂ ਉਥੇ ਉਸ ਦੀ ਇਹ ਨੌਕਰਾਣੀ ਨਰਸ ਦੀ ਡਿਊਟੀ ਕਰ ਰਹੀ ਸੀ ਅਤੇ ਉਸ ਨੇ ਆਪਣਾ ਨਾਂ ਬਦਲ ਕੇ ਉਸ ਦੀ ਲੜਕੀ ਜਸਤੀਨਾ ਜਸ਼ਨ ਦੇ ਨਾਂ 'ਤੇ ਰੱਖਿਆ ਸੀ। ਘਰ ਆ ਕੇ ਉਸ ਨੇ ਫਾਈਲ ਚੈੱਕ ਕੀਤੀ ਤਾਂ ਉਸ ਦੀ ਲੜਕੀ ਦੇ 10ਵੀਂ ਬੀ. ਐੱਸ. ਸੀ. ਨਰਸਿੰਗ ਦੇ ਸਰਟੀਫਿਕੇਟ ਅਤੇ ਇਕ ਪਲਾਟ ਦੀ ਰਜਿਸਟਰੀ ਦੀ ਫੋਟੋ ਕਾਪੀ ਗਾਇਬ ਪਾਈ ਗਈ। ਥਾਣਾ ਸਦਰ ਦੀ ਪੁਲਸ ਨੇ ਧੋਖਾਦੇਹੀ ਅਤੇ ਚੋਰੀ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਕੇ ਉਕਤ ਨੌਕਰਾਣੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਦੋਸਤ ਦੇ ਬਹਿਕਾਵੇ 'ਚ ਆ ਕੇ ਕੀਤੀ ਵਾਰਦਾਤ : ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਘਰੇਲੂ ਨੌਕਰਾਣੀ ਵਜੋਂ ਕੰਮ ਕਰਨ ਵਾਲੀ ਮਨਦੀਪ ਕੌਰ ਨੇ ਆਪਣੇ ਦੋਸਤ ਸੂਰਜ ਕਲਿਆਣ ਜੋ ਇਕ ਹਸਪਤਾਲ ਵਿਚ ਕਰਮਚਾਰੀ ਹੈ, ਦੇ ਕਹਿਣ 'ਤੇ ਆਪਣੀ ਮਾਲਕਣ ਦੀ ਲੜਕੀ ਦੇ ਪੜ੍ਹਾਈ ਵਾਲੇ ਸਰਟੀਫਿਕੇਟ ਚੋਰੀ ਕੀਤੇ ਅਤੇ ਪੈਸਿਆਂ ਦੇ ਲਾਲਚ ਕਾਰਨ ਸੂਰਜ ਦੇ ਹੀ ਕਹਿਣ 'ਤੇ ਨਿੱਜੀ ਹਸਪਤਾਲ ਵਿਚ ਨਰਸ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਮੁਲਜ਼ਮ ਸੂਰਜ ਕਲਿਆਣ ਪੁੱਤਰ ਹਰਭਜਨ ਵਾਸੀ ਨਾਗ ਕਲਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
ਗਮਾਡਾ ਨੇ ਵੈੱਬਸਾਈਟ ਤੋਂ ਨਹੀਂ ਹਟਾਈ ਯੋਗ ਉਮੀਦਵਾਰਾਂ ਦੀ ਲਿਸਟ
NEXT STORY