ਜਲੰਧਰ (ਜ.ਬ.)— ਜੁਲਾਈ 2018 'ਚ ਰਾਮਾ ਮੰਡੀ 'ਚ ਹੋਏ ਅਜੇ ਕੁਮਾਰ ਡੋਨਾ ਮਰਡਰ ਕੇਸ 'ਚ ਭਗੌੜੇ ਬਦਮਾਸ਼ ਅਰਜੁਨ ਸਹਿਗਲ ਨੂੰ ਆਖਿਰਕਾਰ ਜਲੰਧਰ ਦਿਹਾਤੀ ਪੁਲਸ ਦੇ ਸੀ. ਆਈ. ਏ. ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਅਰਜੁਨ ਸਹਿਗਲ ਨੂੰ ਆਦਮਪੁਰ ਦੇ ਮਦਾਰਾਂ ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ, ਜਿਸ ਤੋਂ 9 ਐੱਮ. ਐੱਮ. ਦਾ ਪਿਸਤੌਲ ਅਤੇ 5 ਗੋਲੀਆਂ ਵੀ ਮਿਲੀਆਂ। ਅਰਜੁਨ ਸਹਿਗਲ ਸੁੱਖੀ ਧੀਰੋਵਾਲੀਆ, ਸੂਰਜ ਬਲੌਚੀਆ ਅਤੇ ਸ਼ੇਰੂ ਆਦਮਪੁਰੀਆ ਗੈਂਗ ਨੂੰ ਵੀ ਚਲਾ ਰਿਹਾ ਸੀ।
ਐੱਸ. ਐੱਸ. ਪੀ. ਨਵਜੋਤ ਮਾਹਲ ਨੇ ਦੱਸਿਆ ਕਿ ਸਿਧਾਰਥ ਸਹਿਗਲ ਉਰਫ ਅਰਜੁਨ ਸਹਿਗਲ ਪੁੱਤਰ ਅਸ਼ਵਨੀ ਸਹਿਗਲ ਵਾਸੀ ਸੈਂਟਰਲ ਟਾਊਨ ਬਾਰੇ ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਨੂੰ ਇਨਪੁਟ ਮਿਲੇ ਸਨ। ਇੰਸ. ਸ਼ਿਵ ਕੁਮਾਰ ਨੇ ਤੁਰੰਤ ਆਪਣੀ ਟੀਮ ਦੇ ਨਾਲ ਮਦਾਰਾਂ ਬੱਸ ਸਟੈਂਡ 'ਚ ਨਾਕਾਬੰਦੀ ਕਰ ਲਈ। ਜਿਵੇਂ ਹੀ ਅਰਜੁਨ ਸਹਿਗਲ ਨੇ ਪੁਲਸ ਨੂੰ ਦੇਖਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਆਪਣੀ ਡੱਬ 'ਚ 9 ਐੱਮ. ਐੱਮ. ਦਾ ਪਿਸਤੌਲ ਲਾਇਆ ਹੋਇਆ ਸੀ, ਜਿਸ 'ਚ 5 ਗੋਲੀਆਂ ਸਨ। ਪੁੱਛਗਿਛ 'ਚ ਪਤਾ ਲੱਗਾ ਕਿ ਅਰਜੁਨ ਨੇ ਉਕਤ ਪਿਸਤੌਲ ਯੂ. ਪੀ. ਤੋਂ ਮੰਗਵਾਇਆ ਸੀ, ਜੋ 32 ਹਜ਼ਾਰ ਰੁਪਏ 'ਚ ਖਰੀਦਿਆ ਸੀ।
ਮੁਲਜ਼ਮ ਖਿਲਾਫ ਜਲੰਧਰ ਰੂਰਲ ਅਤੇ ਕ੍ਹਮਿਸ਼ਨਰੇਟ ਥਾਣਾ 'ਚ ਕੁੱਲ 7 ਕੇਸ ਦਰਜ ਹਨ, ਜਿਸ 'ਚ ਇਰਾਦਾ ਕਤਲ, ਕੁੱਟਮਾਰ ਅਤੇ ਹੱਤਿਆ ਵਰਗੇ ਕੇਸ ਸ਼ਾਮਲ ਹਨ। ਅਰਜੁਨ ਸਹਿਗਲ ਕਈ ਕੇਸਾਂ 'ਚ ਭਗੌੜਾ ਹੈ ਅਤੇ ਜਲੰਧਰ ਪੁਲਸ ਉਸ ਦੀ ਕਾਫੀ ਸਮੇਂ ਤੋਂ ਤਲਾਸ਼ ਵੀ ਕਰ ਰਹੀ ਸੀ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ 27 ਜੁਲਾਈ 2018 ਨੂੰ ਰਾਮਾ ਮੰਡੀ 'ਚ ਅਜੇ ਕੁਮਾਰ ਡੋਨਾ ਕਰਲ ਜਿਮ ਦੇ ਬਾਹਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਥਾਣਾ ਰਾਮਾ ਮੰਡੀ 'ਚ ਉਸ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ। ਐੱਸ. ਐੱਸ. ਪੀ. ਮਾਹਲ ਨੇ ਕਿਹਾ ਕਿ ਪੜ੍ਹਾਈ ਤੋਂ ਬਾਅਦ ਹੀ ਅਰਜੁਨ ਸਹਿਗਲ ਗਲਤ ਅਕਸ ਵਾਲੇ ਲੋਕਾਂ ਨਾਲ ਮਿਲ ਗਿਆ ਸੀ। ਅਰਜੁਨ ਸਹਿਗਲ ਦੇ ਫ੍ਹੜੇ ਜਾਣ ਤੋਂ ਬਾਅਦ ਕਈ ਲੁੱਟਾਂ ਅਤੇ ਹੱਤਿਆਵਾਂ ਦੇ ਕੇਸ ਟਰੇਸ ਹੋਣ ਦੀ ਉਮੀਦ ਵੀ ਵਧ ਗਈ ਹੈ।
ਜਲੰਧਰ ਕਮਿਸ਼ਨਰੇਟ ਪੁਲਸ ਦਾ ਵੀ ਸੀ ਦਬਾਅ
ਅਰਜੁਨ ਸਹਿਗਲ ਨੂੰ ਫੜਨ ਲਈ ਜਲੰਧਰ ਕਮਿਸ਼ਨਰੇਟ ਪੁਲਸ ਦਾ ਸੀ. ਆਈ. ਏ. ਸਟਾਫ ਵੀ ਲਗਾਤਾਰ ਉਸ ਦੇ ਪਰਿਵਾਰ ਵਾਲਿਆਂ 'ਤੇ ਦਬਾਅ ਬਣਾਏ ਹੋਏ ਸੀ। ਮੁਲਜ਼ਮ ਅਰਜੁਨ ਸਹਿਗਲ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਛੇਤੀ ਹੀ ਉਸ ਦੇ ਸਾਥੀ ਵੀ ਪੁਲਸ ਹੱਥੇ ਚੜ੍ਹ ਸਕਦੇ ਹਨ।
ਅਰਜੁਨ ਤੋਂ ਡਰ ਕੇ ਹੀਰਾ ਨੇ ਖਰੀਦਿਆ ਸੀ ਗੈਰ-ਕਾਨੂੰਨੀ ਵੈਪਨ
ਜਲੰਧਰ ਕਮਿਸ਼ਨਰੇਟ ਪੁਲਸ ਨੇ ਕੁਝ ਸਮਾਂ ਪਹਿਲਾਂ ਹੀ ਰਾਮਾ ਮੰਡੀ ਸਾਈਡ ਰਹਿਣ ਵਾਲੇ ਹੀਰਾ ਨੂੰ ਅਰੈਸਟ ਕੀਤਾ ਸੀ। ਹੀਰਾ ਤੋਂ ਗੈਰ-ਕਾਨੂੰਨੀ ਵੈਪਨ ਮਿਲਿਆ ਸੀ। ਹੀਰਾ ਨੇ ਪੁੱਛਗਿੱਛ 'ਚ ਦੱਸਿਆ ਕਿ ਅਰਜੁਨ ਸਹਿਗਲ ਉਸ ਨੂੰ ਮਾਰਨਾ ਚਾਹੁੰਦਾ ਹੈ ਅਤੇ ਸੈਲਫ ਡਿਫੈਂਸ ਲਈ ਉਸ ਨੇ ਆਪਣੇ ਕੋਲ ਵੈਪਨ ਰੱਖਿਆ ਹੋਇਆ ਹੈ। ਜਿਵੇਂ ਹੀ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੂੰ ਅਰਜੁਨ ਸਹਿਗਲ ਕੋਲ ਗੈਰ-ਕਾਨੂੰਨੀ ਵੈਪਨ ਹੋਣ ਦੀ ਗੱਲ ਪਤਾ ਲੱਗੀ ਤਾਂ ਉਦੋਂ ਤੋਂ ਕਮਿਸ਼ਨਰੇਟ ਪੁਲਸ ਅਰਜੁਨ ਨੂੰ ਲੱਭਣ 'ਚ ਲੱਗੀ ਸੀ।
ਬੇਅਦਬੀ ਮਾਮਲਾ, ਗਵਾਹੀ ਤੋਂ ਮੁਕਰਾਉਣ ਲਈ ਪੈਸੇ ਦੇਣ ਵਾਲੇ ਗ੍ਰਿਫਤਾਰ
NEXT STORY