ਗੁਰਾਇਆ(ਮੁਨੀਸ਼)— ਕੁਝ ਮਹੀਨੇ ਪਹਿਲਾਂ ਵਿਆਹੀ ਗਈ ਇਕ ਲੜਕੀ ਨੇ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਲਈ ਪਰੇਸ਼ਾਨ ਕਰਨ ਅਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਤਾਂ ਦਰਜ ਕਰ ਲਿਆ ਪਰ ਮੁਲਜ਼ਮ 15 ਦਿਨ ਬੀਤਣ ਦੇ ਬਾਅਦ ਵੀ ਪੁਲਸ ਗ੍ਰਿਫਤ ਤੋਂ ਬਾਹਰ ਹਨ। ਇਹ ਪ੍ਰਗਟਾਵਾ ਪ੍ਰੈੱਸ ਕਾਨਫਰੰਸ ਦੌਰਾਨ 27 ਸਾਲਾ ਸੁਖਦੀਪ ਕੌਰ ਨੇ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਵਿਆਹ 25 ਦਸੰਬਰ 2016 ਨੂੰ ਗੁਰਾਇਆ 'ਚ ਕੋਆਪ੍ਰੇਟਿਵ ਸੁਸਾਇਟੀ ਵਿਚ ਤਾਇਨਾਤ ਹਰਮੇਲ ਸਿੰਘ ਦੇ ਪੁੱਤਰ ਮਨਜਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਦੇ ਦੂਜੇ ਦਿਨ ਹੀ ਉਸ ਦੇ ਸਹੁਰੇ ਪਰਿਵਾਰ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸਹੁਰੇ ਵਾਲਿਆਂ ਨੇ ਉਸ ਦੇ ਪਿਤਾ ਤੋਂ 50,000 ਰੁਪਏ ਦਾ ਚੈੱਕ ਅਤੇ 30,000 ਰੁਪਏ ਨਕਦੀ ਦਾਜ ਦੇ ਤੌਰ 'ਤੇ ਲਏ ਸਨ। ਉਸ ਨੇ ਕਿਹਾ ਕਿ ਹੁਣ ਉਸ ਦੇ ਸਹੁਰੇ ਵਾਲੇ ਉਸ ਨਾਲ ਕੁੱਟਮਾਰ ਕਰਦੇ ਹੋਏ ਐੱਲ. ਸੀ. ਡੀ. ਅਤੇ ਕਈ ਹੋਰ ਤਰ੍ਹਾਂ ਦੇ ਸਾਮਾਨ ਦੀ ਮੰਗ ਕਰ ਰਹੇ ਹਨ ਅਤੇ ਸਾਮਾਨ ਨਾ ਲਿਆਉਣ ਦੀ ਸੂਰਤ ਵਿਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਦੇ ਗਵਾਹ ਉਸ ਦੇ ਗੁਆਂਢੀ ਹਨ। ਉਨ੍ਹਾਂ ਨੇ ਉਸ ਨੂੰ ਛੁਡਵਾਇਆ, ਜਿਸ ਦੇ ਬਾਅਦ ਸੁਖਦੀਪ ਨੇ ਆਪਣੀ ਮਾਸੀ ਹਰਜਿੰਦਰ ਕੌਰ ਸਾਬਕਾ ਪੰਚਾਇਤ ਮੈਂਬਰ ਰੁੜਕੀ ਨੂੰ ਫੋਨ ਕਰਕੇ ਬੁਲਾਇਆ ਜੋ ਉਸ ਦੇ ਪਿਤਾ, ਭਰਾ ਨੂੰ ਲੈ ਕੇ ਮੌਕੇ 'ਤੇ ਆਏ ਅਤੇ ਉਸ ਨੂੰ ਸਿਵਲ ਹਸਪਤਾਲ ਬੜਾ ਪਿੰਡ ਵਿਚ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ ਸੀ।
ਸੁਖਦੀਪ ਨੇ ਦੱਸਿਆ ਕਿ ਪੁਲਸ ਨੇ ਉਸ ਦੇ ਪਤੀ ਮਨਜਿੰਦਰ ਸਿੰਘ, ਸਹੁਰਾ ਹਰਮੇਲ ਸਿੰਘ, ਸੱਸ ਜਸਵਿੰਦਰਕੌਰ ਗੁਰਾਇਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ 15 ਦਿਨ ਬੀਤਣ ਦੇ ਬਾਵਜੂਦ ਵੀ ਮੁਲਜ਼ਮ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ। ਉਨ੍ਹਾਂ ਨੇ ਪੁਲਸ ਤੋਂ ਮੰਗ ਕਰਦੇ ਹੋਏ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।
ਮੁਲਜ਼ਮ ਫਰਾਰ ਹਨ, ਜਲਦ ਕਰ ਲਏ ਜਾਣਗੇ ਕਾਬੂ: ਪੁਲਸ
ਇਸ ਸਬੰਧੀ ਏ. ਐੱਸ. ਆਈ. ਜਗਤਾਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਸ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ, ਜੋ ਘਰ ਅਤੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਤੋਂ ਵੀ ਫਰਾਰ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਰਨਾਲਾ 'ਚ ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਰੌਂਗਟੇ ਖੜ੍ਹੇ ਹੋ ਜਾਣਗੇ ਮਾਂ ਅਤੇ ਦਾਦੀ ਦੀ ਕਰਤੂਤ ਸੁਣ (ਤਸਵੀਰਾਂ)
NEXT STORY