ਬਟਾਲਾ/ਕਲਾਨੌਰ, (ਬੇਰੀ, ਮਨਮੋਹਨ)- ਬਲਾਕ ਕਲਾਨੌਰ ਅਧੀਨ ਪੈਂਦੇ ਸਰਹੱਦੀ ਪਿੰਡ ਬਰੀਲਾ ਕਲਾਂ ਵਿਖੇ ਦਾਜ ਦੀ ਮੰਗ ਤੋਂ ਪ੍ਰੇਸ਼ਾਨ ਇਕ ਵਿਆਹੁਤਾ ਔਰਤ ਦੀ ਮੌਤ ਦਾ ਸਮਾਚਾਰ ਮਿਲਿਆ ਹੈ।
ਪੁਲਸ ਥਾਣਾ ਕਲਾਨੌਰ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਪ੍ਰਭਜੋਤ ਕੌਰ (26) ਦੇ ਭਰਾ ਬਲਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਧਰਮਕੋਟ ਬੱਗਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 2014 'ਚ ਰਣਯੋਧ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਪਿੰਡ ਬਰੀਲਾ ਕਲਾਂ ਵਿਖੇ ਹੋਇਆ ਸੀ। ਉਸ ਦਾ ਇਕ 2 ਸਾਲ ਦਾ ਲੜਕਾ ਵੀ ਹੈ। ਉਸ ਦਾ ਪਤੀ ਵਿਆਹ ਤੋਂ 6-7 ਮਹੀਨਿਆਂ ਬਾਅਦ ਮਲੇਸ਼ੀਆ ਚਲਾ ਗਿਆ ਸੀ। ਪਤੀ, ਸੱਸ ਤੇ ਸਹੁਰੇ ਵੱਲੋਂ ਉਸ ਦੀ ਭੈਣ ਨੂੰ ਦਾਜ ਲਿਆਉਣ ਲਈ ਪ੍ਰੇਸ਼ਾਨ ਕੀਤਾ ਜਾਂਦਾ ਸੀ। ਅੱਜ ਸਵੇਰੇ ਫੋਨ 'ਤੇ ਸੂਚਨਾ ਦਿੱਤੀ ਗਈ ਕਿ ਉਸ ਦੀ ਭੈਣ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਜਦੋਂ ਬਰੀਲਾ ਕਲਾਂ ਪਹੁੰਚੇ ਤਾਂ ਉਸ ਦੀ ਭੈਣ ਦੇ ਗਲੇ 'ਤੇ ਨੀਲ ਪਿਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦੀ ਮੌਤ ਲਈ ਉਸ ਦਾ ਪਤੀ ਰਣਯੋਧ ਸਿੰਘ, ਸਹੁਰਾ ਗੁਰਮੀਤ ਸਿੰਘ ਤੇ ਸੱਸ ਸਵਿੰਦਰ ਕੌਰ ਜ਼ਿੰਮੇਵਾਰ ਹਨ।
ਕੀ ਕਹਿਣੈ ਪੁਲਸ ਦਾ
ਇਸ ਸੰਬੰਧੀ ਜਦੋਂ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਨਿਰਮਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੇ ਭਰਾ ਬਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੀ ਸੱਸ, ਸਹੁਰੇ ਤੇ ਪਤੀ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ।
ਸਾਨ੍ਹ ਨੂੰ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ
NEXT STORY