ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)- ਸੂਬਾ ਸਰਕਾਰ ਦੀ ਅਗਵਾਈ ਹੇਠ ਪੰਜਾਬ ਹੈੱਲਥ ਮਿਸ਼ਨ ਵੱਲੋਂ ਡੇਂਗੂ ਦੀ ਰੋਕਥਾਮ ਲਈ ਵਿੱਢੀ ਗਈ ਮੁਹਿੰਮ ਤਹਿਤ ਡੇਂਗੂ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ ਦੀਆਂ ਹਦਾਇਤਾਂ 'ਤੇ ਕਮਿਊਨਿਟੀ ਹੈੱਲਥ ਸੈਂਟਰ ਝਬਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਮਵੀਰ ਭਾਰਤੀ ਵੱਲੋਂ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਭਾਰਤੀ ਨੇ ਦੱਸਿਆ ਕਿ ਇਸ ਵੈਨ 'ਚ ਡੇਂਗੂ ਜਾਗਰੂਕਤਾ ਲਈ ਪ੍ਰਚਾਰ ਸਮੱਗਰੀ ਤੋਂ ਇਲਾਵਾ ਇਸ ਬਿਮਾਰੀ ਤੋਂ ਬਚਾਅ ਲਈ ਸਪਰੇਅ ਕਰਨ ਵਾਲੀਆਂ ਟੀਮਾ ਵੀ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਬਿਮਾਰੀ ਤੋਂ ਬਚਾਅ, ਬਿਮਾਰੀ ਹੋਣ ਦੇ ਲੱਛਣ ਅਤੇ ਇਸ ਦੇ ਇਲਾਜ਼ ਸਬੰਧੀ ਸਾਰੀ ਜਾਣਕਾਰੀ ਉਕਤ ਵੈਨ ਰਾਹੀਂ ਲੋਕਾਂ ਨੂੰ ਪਿੰਡ-ਪਿੰਡ ਪਹੁੰਚ ਕੇ ਦਿੱਤੀ ਜਾਵੇਗੀ। ਐੱਸ.ਐੱਮ.ਓ. ਡਾ. ਭਾਰਤੀ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਮਲੇਰੀਏ ਤੋਂ ਲੋਕਾਂ ਨੂੰ ਬਚਾਉਣ ਲਈ ਅੱਜ ਕੱਲ੍ਹ ਬਰਸਾਤਾਂ ਦੇ ਮੌਸਮ 'ਚ ਪੂਰੇ ਜ਼ੋਰ-ਸ਼ੋਰ ਨਾਲ ਮੁਹਿੰਮ ਅਰੰਭੀ ਗਈ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਅੰਦਰ ਪਹੁੰਚ ਕੇ ਜਿੱਥੇ ਛੱਪੜਾਂ-ਨਾਲੀਆਂ 'ਚ ਕਾਲਾ ਤੇਲ ਆਦਿ ਪਾਇਆ ਜਾ ਰਿਹਾ ਹੈ ਉੱਥੇ ਫੌਗ ਮਸ਼ੀਨਾਂ ਰਾਹੀਂ ਸਮੌਕ ਸਪਰੇਅ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਪਿੰਡਾਂ ਅੰਦਰ ਘਰ-ਘਰ ਪਹੁੰਚ ਕੇ ਲੋਕਾਂ ਦੇ ਖੂਨ ਦੇ ਸੈਮਪਲ ਵੀ ਲਏ ਜਾ ਰਹੇ ਹਨ ਅਤੇ ਲੋਕਾਂ ਨੂੰ ਡੇਂਗੂ-ਮਲੇਰੀਆ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ ਅਤੇ ਘਰਾਂ-ਦਫਤਰਾਂ 'ਚ ਪਾਣੀ ਖੜ੍ਹਾ ਨਾ ਰਹਿਣ ਦੇਣ ਲਈ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਜਦ ਕਿ ਹਫਤੇ ਦੇ ਹਰੇਕ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਡਰਾਈ-ਡੇ- ਫਰਾਈ-ਡੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੈਡੀਕਲ ਅਫਸਰ ਡਾ. ਸੂਰਜਪਾਲ ਸਿੰਘ, ਬਲਾਕ ਐਜੂਕੇਟਰ ਹਰਦੀਪ ਸਿੰਘ ਅਤੇ ਡਾ. ਮਮਤਾ ਕਾਟਲ ਆਦਿ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।
ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੀ 'ਖਾਲਸਾ ਏਡ'
NEXT STORY