ਚੰਡੀਗੜ੍ਹ (ਭੁੱਲਰ) : ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੂੰ ਕੈਬਨਿਟ ਰੈਂਕ ਮਿਲ ਗਿਆ ਹੈ, ਜਿਸ ਕਾਰਨ ਵੇਰਕਾ ਨੂੰ ਸਿਆਸੀ ਹਲਕਿਆਂ 'ਚ ਹੁਣ ਸਿੱਧੂ ਦੇ ਅਸਤੀਫੇ ਤੋਂ ਬਾਅਦ ਖਾਲੀ ਪਏ ਮੰਤਰੀ ਅਹੁਦੇ ਦੀ ਦੌੜ 'ਚੋਂ ਬਾਹਰ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਐਡੀਸ਼ਨਲ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਡਾ. ਵੇਰਕਾ ਨੂੰ ਕਾਰਪੋਰੇਸ਼ਨ ਦਾ ਚੇਅਰਮੈਨ ਹੋਣ ਦੇ ਨਾਲ ਹੀ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੇਰਕਾ ਨੂੰ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਚੁੱਪਚਾਪ ਕੈਪਟਨ ਵਲੋਂ ਵੇਅਰ ਹਾਊਸ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਸੀ ਪਰ ਉਸ ਸਮੇਂ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਕਾਰਨ ਉਨ੍ਹਾਂ ਨੂੰ ਕੈਬਨਿਟ ਰੈਂਕ ਨਹੀਂ ਦਿੱਤਾ ਗਿਆ, ਜੋ ਹੁਣ ਦਿੱਤਾ ਗਿਆ ਹੈ।
ਮੰਤਰੀ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਰਹੇ ਹਨ ਵੇਰਕਾ
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ 'ਚ ਮੰਤਰੀ ਮੰਡਲ ਦੇ ਵਿਸਥਾਰ ਸਮੇਂ ਡਾ. ਵੇਰਕਾ ਮੰਤਰੀ ਅਹੁਦੇ ਦੇ ਪ੍ਰਮੁੱਖ ਦਾਅਵੇਦਾਰਾਂ 'ਚ ਸ਼ਾਮਲ ਸਨ ਪਰ ਆਖਰੀ ਸਮੇਂ 'ਤੇ ਉਨ੍ਹਾਂ ਦਾ ਨਾਂ ਮੰਤਰੀਆਂ ਦੀ ਸੂਚੀ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਬਾਅਦ 'ਚ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਭਵਿੱਖ 'ਚ ਯੋਗ ਸਥਾਨ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਡਾ. ਵੇਰਕਾ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਉਹ ਕੈਪਟਨ ਦੀ ਪਿਛਲੀ ਸਰਕਾਰ ਸਮੇਂ ਮੁੱਖ ਸੰਸਦੀ ਸਕੱਤਰ ਦੇ ਅਹੁਦੇ 'ਤੇ ਰਹੇ ਹਨ। ਉਹ ਵਾਲਮੀਕ ਭਾਈਚਾਰੇ 'ਚੋਂ ਹਨ, ਜਿਸ ਦੀ ਮੌਜੂਦਾ ਕੈਪਟਨ ਮੰਤਰੀ ਮੰਡਲ 'ਚ ਨੁਮਾਇੰਦਗੀ ਨਹੀਂ ਹੈ। ਇਸ ਦੇ ਆਧਾਰ 'ਤੇ ਵੇਰਕਾ ਮੰਤਰੀ ਅਹੁਦੇ ਦੇ ਮੁੱਖ ਦਾਅਵੇਦਾਰ ਰਹੇ ਹਨ ਪਰ ਖਾਲੀ ਚੇਅਰਮੈਨ ਅਹੁਦੇ ਦੇ ਨਾਲ ਕੈਬਨਿਟ ਰੈਂਕ ਦੇਣ ਤੋਂ ਸੰਕੇਤ ਸਪੱਸ਼ਟ ਹੈ ਕਿ ਹੁਣ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਜਾਵੇਗਾ।
ਚੰਦੂਮਾਜਾਰਾ ਦਾ ਸਿੱਧੂ 'ਤੇ ਵਿਅੰਗ, ਨਹੀਓਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ (ਵੀਡੀਓ)
NEXT STORY