ਲੁਧਿਆਣਾ (ਸੇਠੀ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਲੁਧਿਆਣਾ ਦੀ ਜ਼ੋਨਲ ਯੂਨਿਟ ਨੇ ਇਕ ਵੱਡੀ ਕਾਰਵਾਈ ਕਰਦਿਆਂ ਵਿਦੇਸ਼ਾਂ ਤੋਂ ਸੋਨੇ ਦੀ ਤਸਕਰੀ ਦੀਆਂ ਲਗਾਤਾਰ ਤਿੰਨ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ, ਜਿਸ ਵਿਚ 4 ਕਿੱਲੋ ਤੋਂ ਵੱਧ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ 3 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਅਗਸਤ ਮਹੀਨੇ 'ਚ ਹੀ ਹੋਈਆਂ 3 ਕਾਰਵਾਈਆਂ ਵਿਚ ਹਵਾਈ ਜਹਾਜ਼ ਰਾਹੀਂ ਪੰਜਾਬ 'ਚ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਵਰਤੋਂ ਕਰਕੇ ਸੋਨੇ ਦੀ ਤਸਕਰੀ ਦੇ ਖਤਰੇ ਨੂੰ ਨੱਥ ਪਾਉਣ ਲਈ ਵਧੀਕ ਡਾਇਰੈਕਟਰ ਜਨਰਲ ਨਿਤਿਨ ਸੈਣੀ ਵੱਲੋਂ ਗਠਿਤ ਡੀ. ਆਰ. ਆਈ. ਦੀਆਂ ਵੱਖ-ਵੱਖ ਟੀਮਾਂ ਵੱਲੋਂ ਚਲਾਈਆਂ ਗਈਆਂ ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ 4 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਾਹ, ਤੁਰੰਤ ਪ੍ਰਭਾਵ ਨਾਲ ਕੀਤਾ ਬਰਖ਼ਾਸਤ
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ 8 ਅਗਸਤ ਨੂੰ ਡੀ.ਆਰ.ਆਈ. ਦੀ ਟੀਮ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਕੋਲੋਂ 2.6 ਕਿੱਲੋ ਸੋਨਾ, ਜਿਸ ਦੀ ਕੀਮਤ 1.55 ਕਰੋੜ ਰੁਪਏ ਤੋਂ ਵੱਧ ਹੈ, ਬਰਾਮਦ ਹੋਇਆ ਸੀ। ਦੂਜੇ ਮਾਮਲੇ 'ਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਕੋਲੋਂ 831 ਗ੍ਰਾਮ ਸੋਨਾ ਜਿਸ ਦੀ ਕੀਮਤ 49.90 ਲੱਖ ਰੁਪਏ ਦੱਸੀ ਜਾਂਦੀ ਹੈ, ਜਦਕਿ ਤੀਜੇ ਮਾਮਲੇ 'ਚ 1.45 ਕਿਲੋ ਸੋਨਾ ਜਿਸ ਦੀ ਕੀਮਤ 87 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ, ਜ਼ਬਤ ਕੀਤਾ ਗਿਆ ਸੀ। ਇਹ ਕਾਰਵਾਈ 21 ਅਗਸਤ ਨੂੰ ਕੀਤੀ ਗਈ ਸੀ ਅਤੇ ਇਕ ਮਹਿਲਾ ਤੇ ਇਕ ਮਰਦ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਿੰਨਾਂ ਮਾਮਲਿਆਂ ਵਿਚ ਅਗਲੇਰੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਜ਼ਬਤ ਕੀਤੇ ਗਏ ਸੋਨੇ ਦੇ ਅਸਲ ਲਾਭਪਾਤਰੀਆਂ ਨੂੰ ਜਲਦੀ ਹੀ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ED ਦੀ ਵੱਡੀ ਕਾਰਵਾਈ: ਕਰੋੜਾਂ ਦਾ ਸੋਨਾ ਤੇ ਗਹਿਣੇ ਜ਼ਬਤ
ਆਮ ਲੋਕਾਂ ਨੂੰ UAE ਜਿਹੇ ਦੇਸ਼ਾਂ ਤੋਂ ਸੋਨੇ ਦੇ ਕੈਰੀਅਰ ਬਣਨ ਲਈ ਦੇ ਰਹੇ ਲਾਲਚ
ਪਤਾ ਲੱਗਾ ਹੈ ਕਿ ਹਾਲ ਹੀ ਵਿਚ ਡੀ.ਆਰ.ਆਈ ਨੇ ਇਕ ਸੰਗਠਿਤ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਹੈ ਜੋ ਕਿ ਸੂਬੇ ਦੇ ਦੋ ਹਵਾਈ ਅੱਡਿਆਂ ਅਤੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਦੂਜੇ ਦੇਸ਼ਾਂ ਤੋਂ ਪੰਜਾਬ ਵਿਚ ਸੋਨੇ ਦੀ ਤਸਕਰੀ ਕਰ ਰਿਹਾ ਸੀ। ਇਹ ਗਿਰੋਹ ਆਮ ਲੋਕਾਂ ਨੂੰ ਪੈਸੇ ਦੇ ਕੇ ਯੂ.ਏ.ਈ. ਵਰਗੇ ਦੇਸ਼ਾਂ ਤੋਂ ਸੋਨੇ ਦੇ ਕੈਰੀਅਰ ਬਣਨ ਦਾ ਲਾਲਚ ਦੇ ਰਹੇ ਹਨ, ਜਿੱਥੇ ਸੋਨੇ ਦੀ ਕੀਮਤ ਭਾਰਤ ਨਾਲੋਂ ਬਹੁਤ ਸਸਤੀ ਹੈ। ਕੈਰੀਅਰ ਯੂ.ਏ.ਈ ਤੋਂ ਸੋਨਾ ਭਾਰਤ ਲਿਆਉਂਦੇ ਹਨ ਅਤੇ ਇਸ ਨੂੰ ਬਾਹਰਲੇ ਹਵਾਈ ਅੱਡਿਆਂ ਜਾਂ ਹੋਟਲਾਂ ਵਿਚ ਗਿਰੋਹ ਦੇ ਮੈਂਬਰਾਂ ਨੂੰ ਸੌਂਪਦੇ ਹਨ, ਜੋ ਤਸਕਰੀ ਵਾਲਾ ਸੋਨਾ ਲੁਧਿਆਣਾ, ਅੰਮ੍ਰਿਤਸਰ ਸਥਿਤ ਡਿਸਟ੍ਰੀਬਿਊਟਰਾਂ ਨੂੰ ਸੌਂਪਦੇ ਹਨ, ਜੋ ਫਿਰ ਲੋੜੀਂਦੀ ਮਾਤਰਾ ਵਿਚ ਵੇਚਣ ਵਾਲੇ ਨੂੰ ਭੇਜ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਨਸ਼ਾ ਤਸਕਰਾਂ ਨੇ ਪੁਲਸ ਮੁਲਾਜ਼ਮ ’ਤੇ ਚੜ੍ਹਾ ’ਤੀ ਥਾਰ ; ਲੱਤ ਤੇ ਬਾਂਹ ਟੁੱਟੀ
ਡੀ.ਆਰ.ਆਈ. ਨੇ ਜੁਲਾਈ 'ਚ ਕਈ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ
ਸੂਤਰਾਂ ਨੇ ਇਹ ਵੀ ਦੱਸਿਆ ਕਿ ਤਿੰਨ ਤਾਜ਼ਾ ਆਪਰੇਸ਼ਨਾਂ ਤੋਂ ਪਹਿਲਾਂ, ਡੀ.ਆਰ.ਆਈ. ਲੁਧਿਆਣਾ ਨੇ ਜੁਲਾਈ ਵਿਚ ਵੀ ਸੋਨੇ ਦੀ ਤਸਕਰੀ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ, ਜਿਸ ਵਿਚ ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਦੋ ਮਹੱਤਵਪੂਰਨ ਜ਼ਬਤੀ ਕੀਤੀ ਗਈ। ਪਹਿਲੇ ਮਾਮਲੇ 'ਚ ਅੰਮ੍ਰਿਤਸਰ ਹਵਾਈ ਅੱਡੇ 'ਤੇ ਇਕ ਯਾਤਰੀ ਕੋਲੋਂ 1.55 ਕਿਲੋ ਸੋਨਾ ਜਿਸ ਦੀ ਕੀਮਤ 96 ਲੱਖ ਰੁਪਏ ਦੱਸੀ ਜਾਂਦੀ ਹੈ, ਜ਼ਬਤ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਦੂਜੇ ਮਾਮਲੇ 'ਚ 750 ਗ੍ਰਾਮ ਸੋਨਾ, ਜਿਸ ਦੀ ਕੀਮਤ 42 ਲੱਖ ਰੁਪਏ ਤੋਂ ਵੱਧ ਦੱਸੀ ਗਈ ਸੀ, ਚੰਡੀਗੜ੍ਹ ਏਅਰਪੋਰਟ 'ਤੇ ਮਹਿਲਾ ਯਾਤਰੀ ਕੋਲੋਂ ਬਰਾਮਦ ਕਰ ਕੇ ਜ਼ਬਤ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ 4 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਾਹ, ਤੁਰੰਤ ਪ੍ਰਭਾਵ ਨਾਲ ਕੀਤਾ ਬਰਖ਼ਾਸਤ
NEXT STORY