ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਮਨਰੇਗਾ ਨੂੰ ਖ਼ਤਮ ਕਰਨਾ ਲੋਕਾਂ ਦੀਆਂ ਯਾਦਾਂ ਵਿਚੋਂ ਮਹਾਤਮਾ ਗਾਂਧੀ ਦਾ ਨਾਂ ਮਿਟਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਵਿਚ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਏਗੀ।
ਦੂਜੇ ਪਾਸੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਰਚਨਾਤਮਕ ਕਾਂਗਰਸ ਵੱਲੋਂ ਆਯੋਜਿਤ ‘ਰਾਸ਼ਟਰੀ ਮਨਰੇਗਾ ਮਜ਼ਦੂਰ ਸੰਮੇਲਨ’ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਯੂ. ਪੀ. ਏ. ਕਾਲ ਦੀ ਮਨਰੇਗਾ ਦੀ ਥਾਂ ਕੇਂਦਰ ਵੱਲੋਂ ਲਿਆਂਦੀ ਗਈ ਨਵੀਂ ‘ਵੀ. ਬੀ.-ਜੀ ਰਾਮ ਜੀ’ ਯੋਜਨਾ ਨੂੰ ਇਕ ਦਿਖਾਵਾ ਅਤੇ ਗਰੀਬਾਂ ਦੇ ਅਧਿਕਾਰਾਂ ’ਤੇ ਹਮਲਾ ਕਰਾਰ ਦਿੱਤਾ।
ਤਿੰਨ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ, ਜਿਨ੍ਹਾਂ ਕਾਰਨ ਵੱਡੇ ਪੱਧਰ ’ਤੇ ਕਿਸਾਨੀ ਅੰਦੋਲਨ ਹੋਇਆ ਅਤੇ ਜਿਨ੍ਹਾਂ ਨੂੰ ਅਖੀਰ ਵਾਪਸ ਲੈਣਾ ਪਿਆ, ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਮਜ਼ਦੂਰਾਂ ’ਤੇ ਵੀ ਇਸੇ ਤਰ੍ਹਾਂ ਦਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ 10 ਜਨਵਰੀ ਨੂੰ ਯੂ. ਪੀ. ਏ. ਕਾਲ ਦੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ (ਮਨਰੇਗਾ) ਨੂੰ ਖ਼ਤਮ ਕਰਨ ਦੇ ਵਿਰੁੱਧ ‘ਮਨਰੇਗਾ ਬਚਾਓ ਸੰਗਰਾਮ’ ਨਾਂ ਦੀ 45 ਦਿਨਾਂ ਦੀ ਦੇਸ਼ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ।
ਨਬੀਨ ਦੀ ਟੀਮ ’ਚ ਨੌਜਵਾਨ ਚਿਹਰੇ ਹੋਣ ਦੀ ਉਮੀਦ : ਜਿਉਂ ਹੀ ਨਿਤਿਨ ਨਬੀਨ ਨੇ ਭਾਰਤੀ ਜਨਤਾ ਪਾਰਟੀ ਦੀ ਕਮਾਨ ਸੰਭਾਲੀ ਹੈ, ਆਉਣ ਵਾਲੇ ਦਿਨਾਂ ਵਿਚ ਰਾਸ਼ਟਰੀ ਟੀਮ ਦਾ ਪੁਨਰਗਠਨ ਹੋਣ ਦੀ ਉਮੀਦ ਹੈ। ਨਬੀਨ ਨੇ ਪਾਰਟੀ ਦੇ ਅਹੁਦੇਦਾਰਾਂ ਅਤੇ ਇਸ ਦੇ ਵੱਖ-ਵੱਖ ਵਿੰਗਾਂ ਦੇ ਨਾਲ ਇਕ ਬੈਠਕ ਕੀਤੀ, ਜ਼ਾਹਿਰ ਤੌਰ ’ਤੇ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਅਤੇ ਪੁੱਡੂਚੇਰੀ ’ਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਚਰਚਾ ਕੀਤੀ। ਹਾਲਾਂਕਿ ਨਬੀਨ ਨੇ ਕਈ ਜਥੇਬੰਦਕ ਨਿਯੁਕਤੀਆਂ ਵੀ ਕੀਤੀਆਂ ਜਿਸ ’ਚ ਪਾਰਟੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਕੇਰਲ ਵਿਧਾਨ ਸਭਾ ਚੋਣਾਂ ’ਚ ਚੋਣ ਇੰਚਾਰਜ ਅਤੇ ਰਾਮ ਮਾਧਵ ਨੂੰ ਗ੍ਰੇਟਰ ਬੈਂਗਲੁਰੂ ਨਗਰ ਨਿਗਮ ਚੋਣਾਂ ਦਾ ਇੰਚਾਰਜ ਬਣਾਇਆ ਗਿਆ। ਹਰ ਪ੍ਰਧਾਨ ਦੇ ਨਾਲ ਦੋ ਅਹੁਦੇਦਾਰਾਂ ਦੀ ਇਕ ਨਵੀਂ ਟੀਮ ਬਣਦੀ ਹੈ, ਨਬੀਨ ਦੀ ਟੀਮ ’ਚ ਨੌਜਵਾਨ ਚਿਹਰੇ ਹੋਣ ਦੀ ਉਮੀਦ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਨਬੀਨ ਦਾ ਪਾਰਟੀ ਪ੍ਰਧਾਨ ਬਣਨਾ, ਭਾਜਪਾ ਦੇ ਜਥੇਬੰਦਕ ਢਾਂਚੇ ’ਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਵਧਦੀ ਪਕੜ ਨੂੰ ਹੋਰ ਪੁਖਤਾ ਕਰਦਾ ਹੈ।
ਪੰਜਾਬ ਕਾਂਗਰਸ ’ਚ ਧੜੇਬੰਦੀ ਤੇਜ਼ : ਪੰਜਾਬ ’ਚ ਵਿਧਾਨ ਸਭਾ ਚੋਣਾਂ ’ਚ ਸਿਰਫ਼ ਇਕ ਸਾਲ ਬਾਕੀ ਰਹਿ ਗਿਆ ਹੈ, ਅਜਿਹੇ ’ਚ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਧੜੇਬੰਦੀ ਦੀ ਲੜਾਈ ਤੇਜ਼ ਹੋ ਗਈ ਹੈ। ਕਾਂਗਰਸੀ ਲੀਡਰਸ਼ਿਪ ਨੇ ਚਰਨਜੀਤ ਸਿੰਘ ਚੰਨੀ ਸਮੇਤ ਸੀਨੀਅਰ ਆਗੂਆਂ ਨੂੰ ਜਨਤਕ ਤੌਰ ’ਤੇ ਬਿਆਨਬਾਜ਼ੀ ਕਰਨ ਖ਼ਿਲਾਫ਼ ਸਖ਼ਤ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ਅਤੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ਦੇ ਨੇਤਾਵਾਂ ਜਿਵੇਂ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ’ਚ ਆਪੋਜ਼ੀਸ਼ਨ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਚੰਨੀ, ਜੋ ਇਕ ਦਲਿਤ ਸਿੱਖ ਹਨ, ਦੇ ਉਸ ਦਾਅਵੇ ਦੇ ਕੁਝ ਦਿਨਾਂ ਬਾਅਦ ਹੋਈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਜੱਟ ਸਿੱਖ ਪਾਰਟੀ ’ਤੇ ਹਾਵੀ ਹਨ ਅਤੇ ਦਲਿਤਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲ ਰਿਹਾ ਹੈ, ਇਸ ’ਤੇ ਵੜਿੰਗ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ, ਸੰਸਦ ਮੈਂਬਰ ਅਤੇ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ।
ਲਾਲੂ ਛੱਡ ਸਕਦੇ ਹਨ ਆਰ. ਜੇ. ਡੀ. ਪ੍ਰਧਾਨ ਦਾ ਅਹੁਦਾ : ਬਿਹਾਰ ਦੇ ਸਿਆਸੀ ਗਲਿਆਰਿਆਂ ਵਿਚ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ’ਚ ਸੰਭਾਵਿਤ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਲਗਾਤਾਰ ਖਰਾਬ ਸਿਹਤ ਦੀਆਂ ਚਿੰਤਾਵਾਂ ਦੇ ਵਿਚਕਾਰ, ਪਾਰਟੀ ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ 28 ਸਾਲਾਂ ਤੱਕ ਕਮਾਨ ਸੰਭਾਲਣ ਤੋਂ ਬਾਅਦ ਅਹੁਦਾ ਛੱਡਣ ਦਾ ਫੈਸਲਾ ਕਰ ਸਕਦੇ ਹਨ ਅਤੇ ਤੇਜਸਵੀ ਯਾਦਵ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਨਿਯੁਕਤ ਕਰ ਸਕਦੇ ਹਨ।
ਇਹ ਫੈਸਲਾ 25 ਜਨਵਰੀ ਨੂੰ ਹੋਣ ਵਾਲੀ ਆਰ. ਜੇ. ਡੀ. ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਦੀ ਬੈਠਕ ਵਿਚ ਲਏ ਜਾਣ ਦੀ ਉਮੀਦ ਹੈ। ਆਰ. ਜੇ. ਡੀ. ਵਰਕਰਾਂ ਦਾ ਇਕ ਹੋਰ ਵਰਗ ਕਥਿਤ ਤੌਰ ’ਤੇ ਇਹ ਰਾਏ ਰੱਖਦਾ ਹੈ ਕਿ ਇਹ ਅਹੁਦਾ 9 ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਅਤੇ ਪਾਟਲੀਪੁਤਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਮੀਸਾ ਭਾਰਤੀ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਰਾਜ ਅਤੇ ਰਾਸ਼ਟਰੀ ਪੱਧਰ ’ਤੇ ਸੀਨੀਅਰ ਨੇਤਾਵਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪਣ ਸਮੇਤ ਕਈ ਮਹੱਤਵਪੂਰਨ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭੰਨ-ਤੋੜ ਦੇ ਦੋਸ਼ੀ ਨੇਤਾਵਾਂ ਵਿਰੁੱਧ ਕਾਰਵਾਈ ’ਤੇ ਵੀ ਚਰਚਾ ਹੋ ਸਕਦੀ ਹੈ। ਡਾਕਟਰਾਂ ਨੇ ਲਾਲੂ ਪ੍ਰਸਾਦ ਨੂੰ ਆਰਾਮ ਕਰਨ ਅਤੇ ਤਣਾਅ ਤੋਂ ਬਚਣ ਦੀ ਸਲਾਹ ਦਿੱਤੀ ਹੈ, ਜਿਸ ਕਾਰਨ ਉਹ ਸਰਗਰਮ ਸਿਆਸੀ ਮਾਮਲਿਆਂ ਵਿਚ ਸੀਮਤ ਭੂਮਿਕਾ ਹੀ ਨਿਭਾਅ ਸਕੇ ਹਨ। ਇਸ ਸਥਿਤੀ ਵਿਚ, ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਸੰਗਠਨ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਇਕ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਜ਼ਰੂਰੀ ਹੋ ਗਈ ਹੈ।
ਰਾਹਿਲ ਨੌਰਾ ਚੋਪੜਾ
ਇਕ ਨਵਾਂ ਵਰਲਡ ਆਰਡਰ ਬਣਾਉਣ ਲਈ ਕਾਰਨੀ ਦਾ ਬਿਗੁਲ
NEXT STORY