ਕਪੂਰਥਲਾ, (ਗੁਰਵਿੰਦਰ ਕੌਰ)- ਏਕਤਾ ਪਾਰਟੀ ਕਪੂਰਥਲਾ ਵੱਲੋਂ ਨਸ਼ਿਆਂ ਦੇ ਖਿਲਾਫ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗਵਾਈ 'ਚ ਵੱਖ-ਵੱਖ ਬਾਜ਼ਾਰਾਂ 'ਚੋਂ ਰੋਸ ਮਾਰਚ ਕੱਢਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਰੋਸ ਮਾਰਚ ਦੇ ਚਾਰਬੱਤੀ ਚੌਕ ਪਹੁੰਚਣ ਤੋਂ ਬਾਅਦ ਇਥੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਨਸ਼ਿਆਂ ਦੇ ਵਿਰੁੱਧ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ।
ਸੰਬੋਧਨ ਕਰਦਿਆਂ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਅੱਜ ਪੰਜਾਬ 'ਚ ਜੰਗਲ ਰਾਜ ਹੋ ਗਿਆ ਹੈ ਤੇ ਗਰੀਬ ਲੋਕਾਂ ਨੂੰ ਇਨਸਾਫ ਲੈਣ ਲਈ ਮਜਬੂਰਨ ਸੜਕਾਂ 'ਤੇ ਆਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੀ ਕੈਪਟਨ ਸਰਕਾਰ ਬਣੀ ਹੈ ਉਦੋਂ ਤੋਂ ਹੀ ਨਸ਼ਿਆਂ ਦਾ ਵਪਾਰ ਧੜੱਲੇ ਨਾਲ ਵਧ ਰਿਹਾ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਸਖਤ ਕਦਮ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਹੁਣ ਤੱਕ ਲਗਭਗ 1 ਮਹੀਨੇ 'ਚ 25 ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਹਨ ਤੇ ਕਾਂਗਰਸ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਸ਼ੇ ਵੇਚਣ ਵਾਲਿਆਂ 'ਤੇ ਕੋਈ ਸਖਤ ਕਦਮ ਨਹੀਂ ਚੁੱਕਿਆ ਗਿਆ ਹੈ। ਦੂਜੇ ਪਾਸੇ ਨਸ਼ਾ ਵੇਚਣ ਵਾਲੇ ਬਿਨਾਂ ਕਿਸੇ ਡਰ ਤੇ ਖੌਫ ਦੇ ਵਪਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਤੇ ਗਰੀਬ ਲੋਕਾਂ ਨੂੰ ਸਰਕਾਰੀ ਦਫਤਰਾਂ ਤੇ ਥਾਣਿਆਂ 'ਚ ਕੋਈ ਇਨਸਾਫ ਨਹੀਂ ਮਿਲ ਰਿਹਾ। ਕੈਪਟਨ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸਰਕਾਰ ਬਣਨ ਤੋਂ ਬਾਅਦ ਆਮ ਲੋਕਾਂ ਨੂੰ ਬੇਸਹਾਰਾ ਕਰ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਸਟੇਸ਼ਨ ਦੀ ਬੈਕਸਾਈਡ 'ਤੇ 20-25 ਪਰਿਵਾਰ ਜੋ ਲੰਬੇ ਸਮੇਂ ਤੋਂ ਮਕਾਨਾਂ 'ਚ ਰਹਿ ਰਹੇ ਹਨ ਤੇ ਇਨ੍ਹਾਂ ਪਰਿਵਾਰਾਂ ਕੋਲ ਰਾਸ਼ਨ ਕਾਰਡ ਤੇ ਬਿਜਲੀ ਦੇ ਬਿੱਲ ਵੀ ਹਨ ਪਰ ਇਨ੍ਹਾਂ ਨੂੰ ਕਥਿਤ ਤੌਰ 'ਤੇ ਨਗਰ ਕੌਂਸਲਰ ਧਨਾਢਾਂ ਦੀ ਮਿਲੀਭੁਗਤ ਕਾਰਨ ਘਰੋਂ ਬਾਹਰ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਾਅਦੇ ਕਰ ਰਹੀ ਹੈ ਕਿ ਗਰੀਬ ਲੋਕਾਂ ਨੂੰ ਪੰਜ ਮਰਲਿਆਂ 'ਚ ਮਕਾਨ ਬਣਾ ਕੇ ਦੇਵਾਂਗੇ, ਪਰ ਦੂਜੇ ਪਾਸੇ ਗਰੀਬ ਲੋਕਾਂ ਦੀ ਛੱਤ ਖੋਹਣਾ ਚਾਹੁੰਦੇ ਹਨ। ਉਨ੍ਹਾਂ ਚਿਤਾਵਾਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਗਰੀਬ ਪਰਿਵਾਰਾਂ ਨੂੰ ਦੁਬਾਰਾ ਘਰੋਂ ਬੇਘਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਨਗਰ ਕੌਂਸਲ ਦਾ ਘਿਰਾਓ ਕਰਨਗੇ। ਇਸ ਮੌਕੇ ਅਰੁਣ ਸਭਰਵਾਲ, ਪੱਲੋ, ਮਹਿੰਦਰ ਸਿੰਘ, ਮੰਗਾ, ਜੋਗਾ, ਮਹਿਤਾਬ ਸਿੰਘ, ਬਿੱਟੂ ਸ਼ਿਵ ਕਾਲੋਨੀ, ਦੀਪਕ ਕੁਮਾਰ, ਸੁਰਜੀਤ ਸਿੰਘ, ਮੇਜਰ ਸਿੰਘ, ਹਰਜਿੰਦਰ ਸਿੰਘ, ਸਾਹਬ ਸਿੰਘ, ਗੁਰਮੀਤ ਸਿੰਘ, ਜੈ ਦਾਸ, ਸਾਧਾ ਸਿੰਘ ਆਦਿ ਹਾਜ਼ਰ ਸਨ।
ਨਸ਼ੇ ਵਾਲੇ ਪਦਾਰਥਾਂ ਸਮੇਤ 10 ਗ੍ਰਿਫਤਾਰ
NEXT STORY