ਚੰਡੀਗੜ੍ਹ, (ਸੁਸ਼ੀਲ)- ਅਰੋਮਾ ਲਾਈਟ ਪੁਆਇੰਟ 'ਤੇ ਐਕਟਿਵਾ ਸਵਾਰ ਔਰਤ ਦੇ ਗਲੇ 'ਚੋਂ ਚੇਨ ਝਪਟ ਕੇ ਫਰਾਰ ਹੋਣ ਵਾਲੇ ਪੰਜਾਬ ਪੁਲਸ ਦੇ ਕਾਂਸਟੇਬਲ ਨੂੰ ਸੈਕਟਰ-22 ਚੌਕੀ ਪੁਲਸ ਨੇ ਦਬੋਚ ਲਿਆ, ਜਿਸ ਦੀ ਪਛਾਣ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਿਵਾਸੀ ਅਰਸ਼ਦੀਪ ਸਿੰਘ ਵਜੋਂ ਹੋਈ। ਅਰਸ਼ਦੀਪ ਸਿੰਘ ਸੋਹਾਣਾ ਥਾਣੇ 'ਚ ਕਾਂਸਟੇਬਲ ਤਾਇਨਾਤ ਹੈ। ਸੈਕਟਰ-22 ਚੌਕੀ ਪੁਲਸ ਨੇ ਮੁਲਜ਼ਮ ਤੋਂ ਸੋਨੇ ਦੀ ਚੇਨ ਬਰਾਮਦ ਕਰਕੇ ਉਸਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਫੜਿਆ ਗਿਆ ਕਾਂਸਟੇਬਲ ਨਸ਼ੇ ਦਾ ਆਦੀ ਹੈ।
ਸੈਕਟਰ-22 ਚੌਕੀ ਇੰਚਾਰਜ ਜੁਲਦਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਸੂਚਨਾ ਮਿਲੀ ਸੀ ਕਿ 25 ਜੂਨ ਨੂੰ ਅਰੋਮਾ ਲਾਈਟ ਪੁਆਇੰਟ ਕੋਲ ਸੰਜਨਾ ਸ਼ਰਮਾ ਦੀ ਚੇਨ ਝਪਟਣ ਵਾਲਾ ਸਨੈਚਰ ਸੈਕਟਰ-46 'ਚ ਘੁੰਮ ਰਿਹਾ ਹੈ। ਉਨ੍ਹਾਂ ਨੇ ਉਸ ਨੂੰ ਫੜਨ ਲਈ ਪੁਲਸ ਟੀਮ ਬਣਾਈ ਤੇ ਉਸ ਨੂੰ ਕਾਬੂ ਕਰਨ ਲਈ ਸੈਕਟਰ-46 'ਚ ਪਹੁੰਚ ਗਏ। ਪੁਲਸ ਨੂੰ ਵੇਖ ਕੇ ਉਹ ਮੋਹਾਲੀ ਵੱਲ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਪੁਲਸ ਟੀਮ ਨੇ ਉਸ ਦਾ ਪਿੱਛਾ ਕੀਤਾ ਤੇ ਉਸਨੂੰ ਮੋਹਾਲੀ ਫੇਜ਼-7 'ਚ ਜਾ ਕੇ ਦਬੋਚ ਲਿਆ।
ਸਨੈਚਰ ਨੂੰ ਪੁਲਸ ਨੇ ਸੈਕਟਰ-22 ਚੌਕੀ 'ਚ ਲਿਆ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਸੋਹਾਣਾ ਥਾਣੇ ਵਿਚ ਕਾਂਸਟੇਬਲ ਵਜੋਂ ਤਾਇਨਾਤ ਹੈ ਪਰ ਉਸਨੇ ਸਨੈਚਿੰਗ ਨਹੀਂ ਕੀਤੀ ਹੈ। ਪੁਲਸ ਨੇ ਜਦੋਂ ਸੰਜਨਾ ਸ਼ਰਮਾ ਨੂੰ ਬੁਲਾਇਆ ਤਾਂ ਉਸ ਨੇ ਉਸ ਨੂੰ ਪਛਾਣ ਲਿਆ। ਇਸ ਤੋਂ ਬਾਅਦ ਅਰਸ਼ਦੀਪ ਨੇ ਦੱਸਿਆ ਕਿ ਉਸਨੇ ਹੀ ਚੇਨ ਝਪਟੀ ਸੀ। ਪੁਲਸ ਨੇ ਉਸਦੀ ਨਿਸ਼ਾਨਦੇਹੀ 'ਤੇ ਸੋਨੇ ਦੀ ਚੇਨ ਬਰਾਮਦ ਕਰ ਲਈ। ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ੇ ਦਾ ਆਦਿ ਹੈ ਤੇ ਉਸਨੇ ਨਸ਼ੇ ਵਾਲਾ ਪਦਾਰਥ ਖਰੀਦਣ ਲਈ ਹੀ ਸੋਨੇ ਦੀ ਚੇਨ ਝਪਟੀ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਕੁਝ ਦਿਨਾਂ ਤੋਂ ਆਪਣੀ ਭੈਣ ਕੋਲ ਮਨੀਮਾਜਰਾ 'ਚ ਰਹਿ ਰਿਹਾ ਸੀ।
ਨੈਸ਼ਨਲ ਹਾਈਵੇ ਤੇ ਸੂਬੇ ਦੀਆਂ 10 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਨੂੰ ਹਰਿਆ-ਭਰਿਆ ਬਣਾਇਆ ਜਾਵੇਗਾ
NEXT STORY