ਬਠਿੰਡਾ (ਵਰਮਾ): ਬਠਿੰਡਾ ਦੇ ਪਿੰਡ ਕੋਟਸ਼ਮੀਰ ਦੇ ਇਕ 18 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਉਸ ਦੇ ਦੋ ਦੋਸਤਾਂ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚਿੱਟੇ ਦੇ ਆਦੀ ਦੋਵਾਂ ਮੁਲਜ਼ਮਾਂ ਨੇ ਨੌਜਵਾਨ ਨੂੰ ਚਿੱਟੇ ਦਾ ਟੀਕਾ ਲਗਾਇਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ਵਿਚ ਘਟਨਾ ਨੂੰ ਹਾਦਸਾ ਜਾਂ ਲਾਪਤਾ ਹੋਣ ਦਾ ਰੂਪ ਦੇਣ ਲਈ ਲਾਸ਼ ਅਤੇ ਮੋਟਰਸਾਈਕਲ ਡਰੇਨ ਵਿਚ ਸੁੱਟ ਦਿੱਤੇ ਗਏ। ਮ੍ਰਿਤਕ ਦੀ ਪਛਾਣ ਅਮਰੀਕ ਸਿੰਘ (18) ਪੁੱਤਰ ਗੁਰਜੀਤ ਸਿੰਘ ਵਾਸੀ ਕੋਟਸ਼ਮੀਰ ਵਜੋਂ ਹੋਈ ਹੈ।
ਪਰਿਵਾਰ ਮੁਤਾਬਕ ਅਮਰੀਕ 23 ਮਈ ਨੂੰ ਸੰਦੀਪ ਸਿੰਘ ਅਤੇ ਵੀਰਕੰਵਰ ਸਿੰਘ ਨਾਲ ਘਰ ਤੋਂ ਗਿਆ ਸੀ। ਇਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਅਤੇ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਐਤਵਾਰ ਨੂੰ ਕੋਟਫੱਤਾ ਨੇੜੇ ਲੰਘਦੀ ਡਰੇਨ ਵਿਚੋਂ ਅਮਰੀਕ ਸਿੰਘ ਦੀ ਲਾਸ਼ ਬਰਾਮਦ ਹੋਈ। ਕੁਝ ਹੀ ਦੂਰੀ 'ਤੇ ਉਸ ਦਾ ਮੋਟਰਸਾਈਕਲ ਵੀ ਡਰੇਨ ਵਿਚੋਂ ਮਿਲਿਆ। ਨੌਜਵਾਨ ਵੈਲਫੇਅਰ ਸੋਸਾਇਟੀ ਦੀ ਟੀਮ ਨੇ ਪੁਲਸ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ। ਜਾਂਚ ਦੌਰਾਨ ਪੁਲਸ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਇਸ ਵਿਚ ਅਮਰੀਕ ਸਿੰਘ ਨੂੰ ਸੰਦੀਪ ਸਿੰਘ ਅਤੇ ਵੀਰਕੰਵਰ ਸਿੰਘ ਨਾਲ ਜਾਂਦੇ ਹੋਏ ਦੇਖਿਆ ਗਿਆ, ਪਰ ਵਾਪਸੀ ਸਮੇਂ ਉਹ ਉਨ੍ਹਾਂ ਨਾਲ ਨਹੀਂ ਸੀ। ਇਸ ਸੁਰਾਗ ਦੇ ਆਧਾਰ 'ਤੇ ਪੁਲਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ।
ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਅਮਰੀਕ ਸਿੰਘ ਨੂੰ ਚਿੱਟੇ ਦਾ ਟੀਕਾ ਲਗਾਇਆ ਸੀ, ਜਿਸ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਫੜੇ ਜਾਣ ਦੇ ਡਰ ਕਾਰਨ ਉਨ੍ਹਾਂ ਨੇ ਲਾਸ਼ ਅਤੇ ਮੋਟਰਸਾਈਕਲ ਡਰੇਨ ਵਿਚ ਸੁੱਟ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਕੋਟਫੱਤਾ ਪੁਲਸ ਨੇ ਸੰਦੀਪ ਸਿੰਘ ਅਤੇ ਵੀਰਕੰਵਰ ਸਿੰਘ ਖ਼ਿਲਾਫ਼ ਕਤਲ ਅਤੇ ਸਬੂਤ ਨਸ਼ਟ ਕਰਨ ਸਬੰਧੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਗੋਲ਼ੀਆਂ ਮਾਰ ਕਤਲ ਕੀਤੇ RTI ਐਕਟੀਵਿਸਟ ਸਿਮਰਨਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ
NEXT STORY