ਮੋਗਾ, (ਅਾਜ਼ਾਦ)- ਨਸ਼ੇ ਵਾਲੇ ਪਦਾਰਥਾਂ ਅਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ 6 ਪੁਲਸ ਦੇ ਕਾਬੂ ਨਹੀਂ ਆ ਸਕੇ। ਥਾਣਾ ਅਜੀਤਵਾਲ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਤਲਵੰਡੀ ਮੱਲੀਆਂ ਕੋਲ ਜਾ ਰਹੇ ਸੀ ਤਾਂ ਸ਼ੱਕ ਦੇ ਅਾਧਾਰ ’ਤੇ ਪੁਲਸ ਪਾਰਟੀ ਨੇ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਦੇਖਦਿਆਂ ਕਾਰ ਸਵਾਰ ਦੋਸ਼ੀ ਸੰਤੋਖ ਸਿੰਘ, ਪ੍ਰਿਤਪਾਲ ਸਿੰਘ, ਸੀਪਾ, ਕਮਲਜੀਤ ਕੌਰ ਸਾਰੇ ਨਿਵਾਸੀ ਪਿੰਡ ਤਲਵੰਡੀ ਮੱਲੀਆਂ ਭੱਜ ਨਿਕਲੇ, ਜਦ ਪੁਲਸ ਪਾਰਟੀ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ’ਚੋਂ 58 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਪੁਲਸ ਨੇ ਕਾਰ ਸਮੇਤ ਉਸ ਨੂੰ ਕਬਜੇ ’ਚ ਲੈ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੁੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮਹਿਣਾ ਦੇ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਜਦ ਹੌਲਦਾਰ ਰਮੇਸ਼ ਕੁਮਾਰ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸਤ ਕਰਦੇ ਹੋਏ ਪਿੰਡ ਡਾਲਾ ਕੋਲ ਜਾ ਰਹੇ ਸੀ ਤਾਂ ਐਕਟਿਵਾ ਸਵਾਰ ਸੁਖਵਿੰਦਰ ਸਿੰਘ ਉਰਫ ਸੁੱਖਾ ਨਿਵਾਸੀ ਪਿੰਡ ਪੰਡੋਰੀ (ਮੁੱਲਾਂਪੁਰ ਦਾਖਾ) ਹਾਲ ਅਬਾਦ ਪਿੰਡ ਡਾਲਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਕੋਲੋਂ 14 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ, ਜਿਸ ’ਤੇ ਪੁਲਸ ਨੇ ਉਸ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੋਗਾ ਦੇ ਮੁੱਖ ਚੌਂਕ ਤੋਂ ਨਸ਼ੇ ਵਾਲੇ ਪਾਊਡਰ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤੇ ਗਏ ਜਗਸੀਰ ਸਿੰਘ ਉਰਫ ਮੋਨੂੰ ਨਿਵਾਸੀ ਨਾਨਕ ਨਗਰੀ ਮੋਗਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਕਤ ਨਸ਼ੇ ਵਾਲਾ ਪਾਊਡਰ ਉਹ ਜਸਪ੍ਰੀਤ ਸਿੰਘ ਉਰਫ ਨਾਨੇ ਨਿਵਾਸੀ ਸੀ. ਆਈ. ਏ. ਸਟਾਫ ਵਾਲੀ ਗਲੀ ਮੋਗਾ ਅਤੇ ਸਾਗਰ ਮਸੀਹ ਨਿਵਾਸੀ ਨਾਨਕ ਨਗਰੀ ਮੋਗਾ ਤੋਂ ਲੈ ਕੇ ਆਉਂਦਾ ਹੈ। ਉਕਤ ਦੋਵਾਂ ਨੂੰ ਉਕਤ ਮਾਮਲੇ ’ਚ ਨਾਮਜ਼ਦ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਗਿੱਲ ਦੇ ਕੋਲ ਮੋਟਰਸਾਈਕਲ ਸਵਾਰ ਮਨਪ੍ਰੀਤ ਸਿੰਘ ਉਰਫ ਮਨੀ ਨਿਵਾਸੀ ਬਾਘਾਪੁਰਾਣਾ, ਹਰਪ੍ਰੀਤ ਸਿੰਘ ਉਰਫ ਭੂਮੀ ਨਿਵਾਸੀ ਪਿੰਡ ਵੈਰੋਕੇ ਨੂੰ ਗ੍ਰਿਫਤਾਰ ਕਰਕੇ ਦੋ ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ। ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇੰਦਰ ਨਗਰੀ ਦੇ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ
NEXT STORY