ਲੁਧਿਆਣਾ (ਪੰਕਜ) : ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ. ਸੀ. ਵਰਿੰਦਰ ਸ਼ਰਮਾ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਹੁਕਮ ਜਾਰੀ ਕੀਤੇ ਹਨ, ਜਿਸ ਵਿਚ ਸ਼ਰਾਬ ਦੇ ਠੇਕਿਆਂ ਨੂੰ ਵੋਟਾਂ ਦੀ ਪ੍ਰਕਿਰਿਆ ਦੌਰਾਨ ਬੰਦ ਰੱਖਣ ਅਤੇ ਦੇਰ ਰਾਤ ਤੱਕ ਨਾਜਾਇਜ਼ ਤੌਰ ’ਤੇ ਚੱਲ ਰਹੇ ਸ਼ਹਿਰ ਦੇ ਹੋਟਲ ਅਤੇ ਰੈਸਟੋਰੈਂਟਾਂ ਨੂੰ ਤੈਅ ਸਮੇਂ ’ਤੇ ਬੰਦ ਕਰਨਾ ਸ਼ਾਮਲ ਹੈ। ਇਨ੍ਹਾਂ ਹੁਕਮਾਂ ਵਿਚ ਡੀ. ਸੀ. ਨੇ 20 ਫਰਵਰੀ ਨੂੰ ਪੈਣ ਜਾ ਰਹੀਆਂ ਵੋਟਾਂ ਤੋਂ 2 ਦਿਨ ਪਹਿਲਾਂ ਮਤਲਬ 18 ਫਰਵਰੀ ਦੀ ਸ਼ਾਮ 6 ਵਜੇ ਤੋਂ ਲੈ ਕੇ ਵੋਟਾਂ ਖ਼ਤਮ ਹੋਣ ਤੱਕ ਜ਼ਿਲ੍ਹੇ ਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਸ਼ਹਿਰ ਦੇ ਹੋਟਲ, ਰੈਸਟੋਰੈਂਟ, ਕਲੱਬ, ਬੀਅਰ ਬਾਰ ਅਤੇ ਅਹਾਤਿਆਂ ਜਿੱਥੇ ਸ਼ਰਾਬ ਪੀਣ ਦੀ ਆਗਿਆ ਹੈ, ’ਤੇ ਵੀ ਸ਼ਰਾਬ ਵੇਚਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਡਰਾਈ-ਡੇਅ ਦੌਰਾਨ ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੋਟਲ ਅਤੇ ਰੈਸਟੋਰੈਂਟ 11 ਵਜੇ ਹੋਣਗੇ ਬੰਦ
ਇਸੇ ਤਰ੍ਹਾਂ ਜ਼ਿਲ੍ਹੇ ’ਚ ਸਥਿਤ ਹੋਟਲ, ਰੈਸਟੋਰੈਂਟ, ਢਾਬੇ ਬੀਅਰ ਬਾਰ ਦੇਰ ਰਾਤ ਤੱਕ ਖੁੱਲ੍ਹੇ ਰਹਿਣ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਡੀ. ਸੀ. ਨੇ 12 ਮਾਰਚ 2022 ਤੱਕ ਰਾਤ 11 ਵਜੇ ਤੋਂ ਬਾਅਦ ਖੋਲ੍ਹਣ ’ਤੇ ਪਾਬੰਦੀ ਲਗਾ ਦਿੱਤੀ ਹੈ। ਸੋਮਵਾਰ ਨੂੰ ਵੈਲੇਨਟਾਈਨ-ਡੇਅ ਦੌਰਾਨ ਵੀ ਸਿੱਧਵਾਂ ਨਹਿਰ ਵਾਲੀ ਸੜਕ ਸਮੇਤ ਹੋਰ ਇਲਾਕਿਆਂ ਵਿਚ ਸਥਿਤ ਰੈਸਟੋਰੈਂਟ ਵਿਚ ਦੇਰ ਰਾਤ ਤੱਕ ਚੱਲੇ ਸ਼ਰਾਬ ਦੇ ਦੌਰ ਅਤੇ ਉਸ ਤੋਂ ਬਾਅਦ ਮਚੇ ਹੰਗਾਮੇ ਸਬੰਧੀ ਕਈ ਸ਼ਿਕਾਇਤਾਂ ਪ੍ਰਸ਼ਾਸਨ ਕੋਲ ਪੁੱਜੀਆਂ ਹਨ, ਜਿਸ ਵਿਚ ਇਕ ਕੁੜੀ ਅਤੇ ਰੈਸਟੋਰੈਂਟ ਵਿਚ ਤਾਇਨਾਤ ਬਾਊਂਸਰ ਵੱਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਵੀ ਸ਼ਾਮਲ ਹੈ। ਇਸੇ ਨੂੰ ਦੇਖਦੇ ਹੋਏ ਡੀ. ਸੀ. ਸ਼ਰਮਾ ਨੇ ਲੁਧਿਆਣਾ ਸਮੇਤ ਖੰਨਾ ਅਤੇ ਜਗਰਾਓਂ ’ਚ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੁਲਸ ਅਧਿਕਾਰੀਆਂ ਨੂੰ ਕਿਹਾ ਹੈ।
ਛੱਤੀਸਗੜ ਦੇ CM ਭੁਪੇਸ਼ ਬਘੇਲ ਦੇ ਵਿਰੋਧੀਆਂ ’ਤੇ ਰਗੜੇ, PM ਮੋਦੀ ਨੂੰ ਕੀਤੇ ਤਿੱਖੇ ਸਵਾਲ
NEXT STORY