ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜਲੇ ਪਿੰਡ ਬਲੀਏਵਾਲ ਦੇ ਨਿਵਾਸੀ ਬਲਵਿੰਦਰ ਸਿੰਘ(37) ਜੋ ਕਿ ਦੁਬਈ ਵਿਖੇ ਇਕ ਕੰਪਨੀ 'ਚ ਕੰਮ ਕਰਦਾ ਸੀ, ਦੀ ਉਥੇ ਇਕ ਹਾਦਸੇ 'ਚ ਮੌਤ ਹੋ ਗਈ ਅਤੇ ਕੰਪਨੀ ਵਲੋਂ ਉਸਦੀ ਲਾਸ਼ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪਿਛਲੇ 6 ਸਾਲਾਂ ਤੋਂ ਦੁਬਈ ਵਿਖੇ ਅਲ ਹਮਦ ਕੰਪਨੀ 'ਚ ਕੰਮ ਕਰਦਾ ਸੀ ਅਤੇ ਲੰਘੀ 16 ਅਪ੍ਰੈਲ ਨੂੰ ਉਹ ਕਰੀਬ 100 ਫੁੱਟ ਤੋਂ ਵੱਧ ਉਚਾਈ 'ਤੇ ਇਕ ਮਸ਼ੀਨ ਰਾਹੀਂ ਇਮਾਰਤ 'ਚ ਕੰਮ ਕਰ ਰਿਹਾ ਸੀ ਕਿ ਅਚਾਨਕ ਮਸ਼ੀਨ ਦੀ ਤਾਰ ਟੁੱਟ ਗਈ ਅਤੇ ਉਹ ਜ਼ਮੀਨ 'ਤੇ ਆ ਡਿੱਗਾ। ਇਸ ਹਾਦਸੇ 'ਚ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਭਾਰਤ ਭੇਜਣ 'ਚ ਮੋਰਚਰੀ 'ਚ ਰਖਵਾ ਦਿੱਤਾ ਗਿਆ।
ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾਂ ਤਾਂ ਕੰਪਨੀ ਵਲੋਂ ਇਹ ਕਿਹਾ ਜਾਂਦਾ ਰਿਹਾ ਕਿ ਉਸਦੀ ਲਾਸ਼ ਨੂੰ ਅੰਤਿਮ ਸਸਕਾਰ ਲਈ ਭਾਰਤ ਭੇਜ ਦਿੱਤਾ ਜਾਵੇਗਾ ਅਤੇ ਹੁਣ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਲਾਸ਼ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਜੋ ਕਿ ਪਾਜ਼ੇਟਿਵ ਆਇਆ ਹੈ ਜਿਸ ਕਾਰਨ ਉਸਦੀ ਲਾਸ਼ ਨੂੰ ਭਾਰਤ ਨਹੀਂ ਭੇਜਿਆ ਜਾ ਸਕਦਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਦੀ ਮੌਤ ਤਾਂ ਹਾਦਸੇ 'ਚ ਹੋਈ ਹੈ ਫਿਰ ਉਸਦਾ ਟੈਸਟ ਕੋਰੋਨਾ ਪਾਜ਼ੇਟਿਵ ਕਿਵੇਂ ਆ ਸਕਦਾ ਹੈ।
ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਲਵਿੰਦਰ ਸਿੰਘ ਦੀ ਲਾਸ਼ ਨੂੰ ਪਿੰਡ ਅੰਤਿਮ ਸਸਕਾਰ ਲਈ ਭੇਜਿਆ ਜਾਵੇ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵਲੋਂ ਬਲਵੰਤ ਸਿੰਘ ਰਾਮੂਵਾਲੀਆ ਨਾਲ ਲਾਸ਼ ਨੂੰ ਭਾਰਤ ਲਿਆਉਣ ਲਈ ਸੰਪਰਕ ਕੀਤਾ ਗਿਆ ਹੈ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਕੋਸ਼ਿਸ਼ ਕਰਨਗੇ।
ਸਬਜ਼ੀ ਮੰਡੀ 'ਚ ਲੋਕਾਂ ਦਾ ਉਮੜਿਆ ਸੈਲਾਬ, ਪੁਲਸ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ
NEXT STORY