ਗੁਰਦਾਸਪੁਰ, (ਵਿਨੋਦ)- ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਗੁਰਦਾਸਪੁਰ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ 'ਚ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਨ, ਡਿਸਮਿਸ ਆਗੂਆਂ ਨੂੰ ਬਹਾਲ ਨਾ ਕਰਨ, ਪਹਿਲੀਆਂ ਸੇਵਾ ਸ਼ਰਤਾਂ ਤਬਦੀਲ ਕਰਨ ਦੇ ਹੱਲੇ ਖਿਲਾਫ ਤੇ ਸਾਰੇ ਕੱਚੇ ਕਾਮੇ ਪੱਕੇ ਕਰਵਾਉਣ ਲਈ 11 ਅਪ੍ਰੈਲ 2018 ਨੂੰ ਇਕ ਰੋਜ਼ਾ ਹੜਤਾਲ ਕਰ ਕੇ ਕੰਮਕਾਜ ਠੱਪ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਦੀ ਤਿਆਰੀ ਲਈ 4, 5 ਤੇ 6 ਅਪ੍ਰੈਲ ਨੂੰ ਉਪ ਮੰਡਲ ਪੱਧਰ 'ਤੇ ਰੈਲੀਆਂ ਤੇ ਜਨਰਲ ਬਾਡੀ ਦੀਆਂ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਨਿੱਜੀਕਰਨ ਦੇ ਹੱਲੇ ਖਿਲਾਫ ਹੋ ਰਹੀ ਹੜਤਾਲ ਵਾਲੇ ਦਿਨ ਬਿਜਲੀ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਨਾਲ ਸਾਂਝੇ ਧਰਨੇ, ਮੁਜ਼ਾਹਰੇ ਕਰਨ ਲਈ ਸੰਪਰਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜਨਰਲ ਸਕੱਤਰ ਪੰਜਾਬ ਸਾਥੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਨਿੱਜੀਕਰਨ ਦੇ ਹੱਲੇ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਥਰਮਲ, ਵਰਕਸ਼ਾਪਾਂ ਬੰਦ ਕੀਤੀਆਂ ਜਾ ਰਹੀਆਂ ਹਨ, ਬਿਜਲੀ ਪੈਦਾਵਾਰ ਦਾ ਕੰਮ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਤੋਂ ਬਾਅਦ ਵੰਡ ਪ੍ਰਣਾਲੀ ਦਾ ਮੁਕੰਮਲ ਕੰਮ ਨਿੱਜੀਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੈਗੂਲਰ ਬਿਜਲੀ ਮੁਲਾਜ਼ਮਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਪਹਿਲੀਆਂ ਸੇਵਾ ਸ਼ਰਤਾਂ ਤਬਦੀਲ ਕੀਤੀਆਂ ਜਾ ਰਹੀਆਂ ਹਨ।
ਬਰਾਬਰ ਕੰਮ-ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਨਹੀਂ ਕੀਤਾ ਜਾ ਰਿਹਾ, ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਸੰਘਰਸ਼ਸ਼ੀਲ ਆਗੂਆਂ ਉਪਰ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ। ਡਿਸਮਿਸ ਆਗੂਆਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ। ਇਸ ਸਮੇਂ ਮਤਾ ਪਾਸ ਕਰ ਕੇ ਹਕੂਮਤ ਵੱਲੋਂ ਐੱਸ. ਸੀ./ਐੱਸ. ਟੀ. ਵਰਗਾਂ ਦੀਆਂ ਹੱਕੀ ਸਹੂਲਤਾਂ ਖੋਹਣ ਦੇ ਤਾਜ਼ਾ ਹੱਲੇ ਨੂੰ ਸਮੁੱਚੀ ਕਿਰਤੀ ਜਮਾਤ ਦੇ ਹੱਕਾਂ 'ਤੇ ਵਿੱਢੇ ਵਿਆਪਕ ਹੱਲੇ ਦਾ ਅੰਗ ਦੱਸਿਆ ਤੇ ਇਹ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਅਨੂੰਪ ਸਿੰਘ, ਮੋਹਨ ਲਾਲ, ਕਮਲ ਕਿਸ਼ੋਰ, ਰਣਜੀਤ ਸਿੰਘ, ਰਣਧੀਰ ਕੁਮਾਰ, ਦੇਸ ਰਾਜ, ਗੁਰਮੁੱਖ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨ ਪਸ਼ੂ ਪਾਲਕ : ਡਾ. ਸਰਬਜੀਤ ਸਿੰਘ
NEXT STORY