ਪੱਟੀ, (ਪਾਠਕ)- ਰਾਜੀਵ ਜੈਨ ਪੁੱਤਰ ਸੁਰਿੰਦਰ ਕੁਮਾਰ ਜੈਨ ਨੇ ਦੱਸਿਆ ਕਿ ਉਸ ਦੀ ਰਿਹਾਇਸ਼ ਜੈਨ ਮੁਹੱਲਾ ਵਿਖੇ ਹੈ ਅਤੇ ਉਸ ਦੀ ਗਲੀ ਦੀ ਚੌੜਾਈ ਸਿਰਫ ਪੰਜ ਫੁੱਟ ਤੋਂ ਸੱਤ ਫੁੱਟ ਹੈ, ਉਸ ਦੇ ਗੁਆਂਢੀ ਇੰਦਰਜੀਤ ਜੈਨ ਨੇ ਆਪਣਾ ਮਕਾਨ ਇਕ ਸਾਲ ਪਹਿਲਾਂ ਬਣਾਇਆ ਸੀ, ਜਿਸ ਵਿਚ ਉਸ ਨੇ 18 ਫੁੱਟ ਦੀ ਬੇਸਮੈਂਟ ਜ਼ਮੀਨ ਦੀ ਪੁਟਾਈ ਕਰ ਕੇ ਬਣਾਈ ਸੀ। ਜੈਨ ਨੇ ਦੱਸਿਆ ਕਿ ਇਸ ਇਮਾਰਤ ਦੀ ਤਿਆਰੀ ਕਰਨ ਸਬੰਧੀ ਨਗਰ ਕੌਂਸਲ ਪੱਟੀ ਕੋਲੋਂ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ। ਉਸ ਨੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਸਮੇਤ ਨਗਰ ਕੌਂਸਲ ਪੱਟੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ 'ਤੇ ਨਗਰ ਕੌਂਸਲ ਪੱਟੀ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਬੇਸਮੈਂਟ ਤਿਆਰ ਕਰਨ ਲਈ ਜ਼ਮੀਨ ਦੀ ਪੁਟਾਈ ਕਰਨ ਨਾਲ ਹੁਣ ਉਸ ਦੇ ਮਕਾਨ ਵਿਚ ਤਰੇੜਾਂ ਪੈ ਗਈਆਂ ਹਨ। ਇਸ ਤੋਂ ਇਲਾਵਾ ਨਾਲ ਲੱਗਦੇ ਮੰਦਰ ਦੀ ਇਮਾਰਤ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ । ਇਸ ਨਾਲ ਉਸ ਦਾ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਰਾਜੀਵ ਜੈਨ ਨੇ ਡਿਪਟੀ ਕਮਿਸ਼ਨਰ ਤਰਨਤਾਰਨ, ਉਪ ਮੰਡਲ ਅਫਸਰ ਪੱਟੀ ਅਤੇ ਕਾਰਜਸਾਧਕ ਅਫਸਰ ਨਗਰ ਕੌਂਸਲ ਪੱਟੀ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਹੋਏ ਨੁਕਸਾਨ ਦਾ ਹਰਜਾਨਾ ਉਕਤ ਇੰਦਰਜੀਤ ਜੈਨ ਤੋਂ ਦਿਵਾਇਆ ਜਾਵੇ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੀ ਸ਼ਹਿ ਅਤੇ ਮਿਲੀ-ਭੁਗਤ ਸਦਕਾ ਇਸ ਨੇ ਰਿਹਾਇਸ਼ੀ ਇਲਾਕੇ ਵਿਚ ਨਿਯਮਾਂ ਨੂੰ ਨਜ਼ਰ-ਅੰਦਾਜ਼ ਕਰਦਿਆਂ ਇਕ ਵੱਡੀ ਬੇਸਮੈਂਟ ਬਣਾਈ ਹੈ। ਇਸ ਸਬੰਧੀ ਇੰਦਰਜੀਤ ਜੈਨ ਨੇ ਕਿਹਾ ਕਿ ਉਸ ਦੇ ਘਰ ਦਾ ਨਕਸ਼ਾ ਨਗਰ ਕੌਂਸਲ ਤੋਂ ਪਾਸ ਹੋਇਆ ਹੈ, ਜਿਸ ਦੀਆਂ ਰਸੀਦਾਂ ਉਸ ਦੇ ਕੋਲ ਹਨ।
ਰਿਕਾਰਡ ਦੇ ਆਧਾਰ 'ਤੇ ਕੀਤੀ ਜਾਵੇਗੀ ਕਾਰਵਾਈ : ਈ. ਓ.
ਇਸ ਸਬੰਧੀ ਪੱਟੀ ਦੇ ਕਾਰਜਸਾਧਕ ਅਧਿਕਾਰੀ ਅਨਿਲ ਕੁਮਾਰ ਨੇ ਕਿਹਾ ਕਿ ਜਗ੍ਹਾ ਦਾ ਮੌਕਾ ਦੇਖ ਕੇ ਅਤੇ ਪਿਛਲਾ ਸਾਰਾ ਰਿਕਾਰਡ ਚੈੱਕ ਕਰ ਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਹਾਈ ਅਲਰਟ ਦੇ ਬਾਵਜੂਦ ਆਰ. ਪੀ. ਐੱਫ. ਦੀ ਪੋਸਟ ਨੇੜੇ ਸ਼ਤਾਬਦੀ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ
NEXT STORY