ਔੜ, (ਛਿੰਜੀ)- ਪਿੰਡ ਗੜ੍ਹੀ ਅਜੀਤ ਸਿੰਘ ਨੇੜੇ ਬਿਸਤ ਦੁਆਬ ਨਹਿਰ ਦੇ ਨਾਲ-ਨਾਲ ਜਾਂਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੇ ਸੂਏ (ਰਜਬਾਹਾ ਡਿੱਚ ਬਖਲੌਰ) 'ਚ ਅੱਜ ਸਵੇਰੇ ਇੰਨਾ ਪਾਣੀ ਛੱਡ ਦਿੱਤਾ ਗਿਆ ਸੀ ਕਿ ਪਾਣੀ ਸੂਏ ਦੀਆਂ ਹੱਦਾਂ ਬੰਨ੍ਹੇ ਟੱਪ ਕੇ ਹੜ੍ਹ ਦੀ ਤਰ੍ਹਾਂ ਬਾਹਰ ਆਉਣ ਲੱਗ ਪਿਆ, ਜਿਸ ਨਾਲ ਜਿਥੇ ਆਲਾ-ਦੁਆਲਾ ਜਲ-ਥਲ ਹੋ ਗਿਆ, ਉਥੇ ਹੀ ਪੱਕੇ ਸੂਏ ਦੁਆਲੇ ਵੱਡਾ ਪਾੜ ਪੈ ਗਿਆ। ਇਕ ਪਾਸੇ ਜਾਂਦੀ ਪੱਕੀ ਸੜਕ ਵੀ 6-7 ਫੁੱਟ ਤੱਕ ਹੇਠਾਂ ਧਸ ਗਈ। ਹਾਲਾਤ ਵਿਗੜਦੇ ਦੇਖ ਇਕੱਠੇ ਹੋਏ ਲੋਕਾਂ ਨੇ ਨਹਿਰੀ ਵਿਭਾਗ ਨੂੰ ਸੂਚਿਤ ਕਰ ਕੇ ਪਾਣੀ ਨੂੰ ਬੰਦ ਕਰਵਾਇਆ ਤਾਂ ਜਾ ਕੇ ਹਾਲਾਤ ਕਾਬੂ 'ਚ ਆਏ। ਇਹ ਵੀ ਪਤਾ ਲੱਗਾ ਹੈ ਕਿ ਮੀਰਪੁਰ ਲੱਖਾ ਨੇੜੇ ਬਣੇ ਨਹਿਰਾਂ ਦੇ ਹੈੱਡ 'ਤੇ ਵੀ ਪਾਣੀ ਵੱਡੀ ਨਹਿਰ ਤੋਂ ਬਾਹਰ ਆ ਗਿਆ, ਜਿਥੇ ਨਹਿਰੀ ਕਰਮਚਾਰੀਆਂ ਦੀ ਕੋਸ਼ਿਸ਼ ਸਦਕਾ ਕੋਈ ਨੁਕਸਾਨ ਹੋਣੋਂ ਬਚ ਗਿਆ। 
ਕੀ ਕਹਿਣਾ ਹੈ ਜੇ.ਈ. ਦਾ
ਨਹਿਰੀ ਵਿਭਾਗ ਦੇ ਜੇ.ਈ. ਅਨਿਲ ਕੁਮਾਰ ਨੇ ਦੱਸਿਆ ਕਿ ਮੀਰਪੁਰ ਲੱਖਾ ਨੇੜੇ ਤਨਹਿਰੇ ਪੁਲ (ਹੈੱਡ) 'ਤੇ ਮਿਲਟਰੀ ਨੇ ਕੋਈ ਪ੍ਰੈਕਟਿਸ ਕਰਨੀ ਹੈ, ਜਿਨ੍ਹਾਂ ਨੇ ਨਹਿਰ 'ਚ ਬੋਰੀਆਂ ਲਾ ਕੇ ਪਾਣੀ ਇਕੱਠਾ ਕੀਤਾ ਸੀ ਪਰ ਪਾਣੀ ਜ਼ਿਆਦਾ ਇਕੱਠਾ ਹੋਣ ਕਰ ਕੇ ਆਪੇ ਤੋਂ ਬਾਹਰ ਹੋ ਗਿਆ ਤੇ ਇਸ ਸੂਏ ਵੱਲ ਪਾਣੀ ਵਹਿ ਤੁਰਿਆ, ਜਿਸ ਕਾਰਨ ਇਹ ਸਮੱਸਿਆ ਖੜ੍ਹੀ ਹੋ ਗਈ। ਉਨ੍ਹਾਂ ਦੱਸਿਆ ਕਿ ਮੌਕੇ ਦੇਖ ਕੇ ਲੇਬਰ ਲਾ ਕੇ ਸਾਰੀ ਰਿਪੇਅਰ ਕਰਵਾਈ ਜਾ ਰਹੀ ਹੈ।
ਹੈੱਡ ਆਫਿਸ ਦੇ ਕਾਮਿਆਂ ਨੇ ਕੀਤਾ ਬਿਜਲੀ ਮੰਤਰੀ ਦਾ ਘਿਰਾਓ
NEXT STORY