ਜੈਤੋ (ਜਿੰਦਲ)- ਜੈਤੋ ਵਿਖੇ ਚੱਲ ਰਹੇ ਸੇਠ ਰਾਮਨਾਥ ਸਿਵਲ ਹਸਪਤਾਲ ਕਈ ਅਹਿਮ ਕਾਰਨਾਂ ਕਰ ਕੇ ਹੁਣ ਬੰਦ ਹੋਣ ਕੰਢੇ ਪਹੁੰਚ ਗਿਆ ਹੈ, ਜੇਕਰ ਇਹੀ ਸਥਿਤੀ ਬਣੀ ਰਹੀ ਅਤੇ ਪ੍ਰਸ਼ਾਸਨ, ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਲਦ ਹੀ ਇਸ ਹਸਪਤਾਲ ਨੂੰ ਜਿੰਦਰਾ ਲੱਗ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੀ ਇਮਾਰਤ ਬਹੁਤ ਵੱਡੀ ਹੈ ਪਰ ਡਾਕਟਰਾਂ ਅਤੇ ਅਾਧੁਨਿਕ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਫ਼ਰੀਦਕੋਟ, ਬਠਿੰਡਾ ਜਾਂ ਲੁਧਿਆਣਾ ਜਾਣਾ ਪੈਂਦਾ ਹੈ। ਹਸਪਤਾਲ ’ਚ ਐਮਰਜੈਂਸੀ ਦੀ ਕੋਈ ਸਹੂਲਤ ਨਹੀਂ ਹੈ। ਇਸ ਸਬੰਧੀ ਆਡ਼੍ਹਤੀਆ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਕਰਮ ਚੰਦ ਮਿੱਤਲ ਅਤੇ ਸਮਾਜ ਸੇਵਕ ਜਗਦੀਸ਼ ਬਾਂਸਲ ਨੇ ਕਿਹਾ ਕਿ ਸਿਵਲ ਹਪਸਤਾਲ, ਜੈਤੋ ਰਾਜਨੀਤਕ ਦਖਲ-ਅੰਦਾਜ਼ੀ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਾਰਨ ਇਸ ਹਸਪਤਾਲ ਵਿਚ ਕੋਈ ਵੀ ਡਾਕਟਰ ਆਉਣ ਲਈ ਤਿਆਰ ਨਹੀਂ ਹੁੰਦਾ, ਜੇਕਰ ਆ ਜਾਵੇ ਤਾਂ ਉਹ ਬਦਲੀ ਕਰਵਾ ਲੈਂਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ, ਸਰਕਾਰ, ਪੁਲਸ ਜਾਂ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣਦਾ। ਹਰੇਕ ਵਿਅਕਤੀ ਹਸਪਤਾਲ ’ਚ ਆ ਕੇ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ’ਤੇ ਰੋਹਬ ਝਾੜਦਾ ਹੈ ਅਤੇ ਆਪਣੀ ਰਾਜਨੀਤਕ ਪਹੁੰਚ ਦਿਖਾਉਂਦਾ ਹੈ। ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ’ਤੇ ਪਹਿਲਾਂ ਸਿਵਲ ਹਸਪਤਾਲ ਜੈਤੋ ਦੇ ਡਾਕਟਰਾਂ ਅਤੇ ਪੂਰੇ ਸਟਾਫ਼ ਨੇ ਹਡ਼ਤਾਲ ਵੀ ਕਰ ਦਿੱਤੀ ਸੀ। ਉਨ੍ਹਾਂ ਨੂੰ ਆਦਰ-ਸਤਿਕਾਰ ਨਹੀਂ ਮਿਲ ਰਿਹਾ। ਜੈਤੋ ਦੀਆਂ ਸਮਾਜ ਸੇਵੀ ਸੰਸਥਾਵਾਂ ਮਾਨਵ ਕਲਿਆਣਾ ਸੇਵਾ ਸੰਮਤੀ, ਨਗਰ ਸੁਧਾਰ ਕਮੇਟੀ, ਗਊਮੁੱਖ ਸਹਾਰਾ ਲੰਗਰ ਕਮੇਟੀ, ਨੌਜਵਾਨ ਵੈੱਲਫੇਅਰ ਸੋਸਾਇਟੀ, ਵਰਿੰਦਰ ਰਿੰਮੀ ਵੈੱਲਫੇਅਰ ਸੋਸਾਇਟੀ ਅਤੇ ਕੋਈ ਸੰਸਥਾਵਾਂ ਦੇ ਆਗੂ ਸੰਤ ਰਿਸ਼ੀਰਾਮ, ਪ੍ਰੋ. ਤਰਸੇਮ ਨਰੂਲਾ, ਸੁਰਜੀਤ ਸਿੰਘ, ਬਲਦੇਵ ਸਿੰਘ, ਮਨਦੀਪ ਸ਼ਰਮਾ, ਮੁਕੇਸ਼ ਗੋਇਲ, ਨਰੇਸ਼ ਮਿੱਤਲ, ਪ੍ਰਵੀਨ ਜੈਨ, ਪ੍ਰੇਮ ਬਾਜਾ, ਭੁਪਿੰਦਰ, ਮਨਿੰਦਰ ਹੈਪੀ, ਖੇਤਪਾਲ ਗਰਗ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਿਵਲ ਹਸਪਤਾਲ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ, ਜ਼ਰੂਰਤ ਅਨੁਸਾਰ ਡਾਕਟਰ ਭੇਜੇ ਜਾਣ ਅਤੇ ਅਾਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤੇ ਨਸ਼ੇਡ਼ੀਆਂ ਵੱਲੋਂ ਹਸਪਤਾਲ ਵਿਚ ਕੀਤੀ ਜਾ ਰਹੀ ਹੁੱਲਡ਼ਬਾਜ਼ੀ ਨੂੰ ਰੋਕਿਆ ਜਾਵੇ।
ਸਿੱਖਿਆ ਵਿਭਾਗ ਮਿਡ-ਡੇ ਮੀਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਦਬਾਅ ਹੇਠ
NEXT STORY