ਚੰਡੀਗੜ੍ਹ (ਰਮਨਜੀਤ) : ਜ਼ਿਲ੍ਹਾ ਗੁਰਦਾਸਪੁਰ 'ਚ ਪੈਂਦੀਆਂ ਸ਼ਰਾਬ ਫੈਕਟਰੀਆਂ 'ਚ ਉਤਪਾਦਨ ਦੀ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਅਧਿਆਪਕਾਂ ਨੂੰ ਡਿਊਟੀ ਮਜਿਸਟ੍ਰੇਟ ਦੇ ਤੌਰ 'ਤੇ ਤਾਇਨਾਤ ਕੀਤੇ ਜਾਣ 'ਤੇ ਬਵਾਲ ਖੜ੍ਹਾ ਹੋ ਗਿਆ। ਇਸ ਤਰ੍ਹਾਂ ਦੀ ਡਿਊਟੀ 'ਤੇ ਲਗਾਏ ਜਾਣ ਕਾਰਨ ਅਧਿਆਪਕ ਸੰਗਠਨਾਂ ਨੇ ਇਤਰਾਜ਼ ਜਤਾਇਆ ਹੈ ਅਤੇ ਅਧਿਆਪਕਾਂ ਨੂੰ ਇਸ ਤਰ੍ਹਾਂ ਦੀ ਡਿਊਟੀ 'ਤੇ ਨਾ ਲਗਾਏ ਜਾਣ ਦੀ ਮੰਗ ਚੁੱਕੀ ਹੈ। ਹਾਲਾਂਕਿ ਅਧਿਆਪਕ ਸੰਗਠਨਾਂ ਦੇ ਇਤਰਾਜ਼ 'ਤੇ ਡਿਪਟੀ ਕਮਿਸ਼ਨਰ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਰ ਇਹ ਮਾਮਲਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਧਿਆਨ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਅਧਿਆਪਕਾਂ ਦੀ ਇਸ ਕੰਮ 'ਤੇ ਲਗਾਈ ਗਈ ਡਿਊਟੀ ਦੇ ਹੁਕਮਾਂ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ। ਸਿੱਖਿਆ ਮੰਤਰੀ ਦੇ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸੋਮਵਾਰ ਨੂੰ ਆਪਣੇ ਵਲੋਂ ਜਾਰੀ ਕੀਤੇ ਉਕਤ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਧਿਆਨ ਰਹੇ ਕਿ ਸੂਬੇ 'ਚ ਐਫੀਡੇਵਿਟ ਐਕਟ ਲਾਗੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਕਈ ਸੀਨੀਅਰ ਮੁਲਾਜ਼ਮਾਂ ਨੂੰ ਡਿਊਟੀ ਮਜਿਸਟ੍ਰੇਟ ਦੇ ਤੌਰ 'ਤੇ ਡੈਜ਼ਿਗਨੇਟ ਕੀਤਾ ਗਿਆ ਸੀ, ਇਨ੍ਹਾਂ 'ਚ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੇ ਨਾਲ-ਨਾਲ ਸਰਕਾਰੀ ਅਧਿਆਪਕ ਵੀ ਸ਼ਾਮਲ ਸਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਉਕਤ ਅਧਿਆਪਕਾਂ ਦੀ ਡਿਊਟੀ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੀਆਂ ਸ਼ਰਾਬ ਫੈਕਟਰੀਆਂ ਦੀ ਸਪਲਾਈ ਅਤੇ ਉਤਪਾਦਨ 'ਤੇ ਨਿਗਰਾਨੀ ਰੱਖਣ ਲਈ ਲਗਾਈ ਗਈ ਸੀ।
ਇਹ ਵੀ ਪੜ੍ਹੋ : ਕੋਰੋਨਾ ਦੀ ਆਫ਼ਤ ਅਜੇ ਠੱਲ੍ਹੀ ਨਹੀਂ, ਪੰਜਾਬ ਦੇ ਸਰਹੱਦੀ ਇਲਾਕਿਆਂ 'ਤੇ ਮੰਡਰਾਇਆ ਇਕ ਹੋਰ ਖਤਰਾ
ਸ਼ਰਾਬ ਦੀਆਂ ਫੈਕਟਰੀਆਂ 'ਚ ਅਧਿਆਪਕਾਂ ਦੀਆਂ ਡਿਊਟੀਆਂ
ਇਹ ਡਿਊਟੀਆਂ ਲਗਾਉਣ ਸਬੰਧੀ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਮਿਲਣ ਤੋਂ ਬਾਅਦ ਜਿਥੇ ਸਬੰਧਤ ਅਧਿਆਪਕ ਪ੍ਰੇਸ਼ਾਨ ਅਤੇ ਖਫਾ ਹੋਣੇ ਸ਼ੁਰੂ ਹੋ ਗਏ, ਉਸ ਦੇ ਨਾਲ ਹੀ ਅਧਿਆਪਕ ਜਥੇਬੰਦੀਆਂ ਨੇ ਵੀ ਇਸ ਪੱਤਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਅਧੀਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਅਹੁਦੇਦਾਰਾਂ ਨੇ ਕਰੀਬ 11.30 ਵਜੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ, ਜਿਸ ਤੋਂ ਬਾਅਦ ਡੀ. ਸੀ. ਸਮੇਤ ਹੋਰ ਅਧਿਕਾਰੀਆਂ ਨੇ ਡੀ. ਟੀ. ਐੱਫ. ਆਗੂਆਂ ਨਾਲ ਮੀਟਿੰਗ ਉਪਰੰਤ ਇਹ ਡਿਊਟੀਆਂ ਰੱਦ ਕੀਤੀਆਂ।
ਇਸ ਮੌਕੇ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਹੋਰ ਅਧਿਆਪਕ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਰਾਬ ਦੀਆਂ ਫੈਕਟਰੀਆਂ 'ਚ ਐਲਕੋਹਲ ਦੀ ਸਪਲਾਈ ਦੀ ਨਿਗਰਾਨੀ ਲਈ ਅਧਿਆਪਕਾਂ ਦੀਆਂ ਲਾਈਆਂ ਡਿਊਟੀਆਂ ਅਧਿਆਪਕਾਂ ਦੇ ਰੁਤਬੇ ਅਤੇ ਮਾਣ-ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਇਹ ਡਿਊਟੀਆਂ ਰੱਦ ਨਾ ਕਰਵਾਈਆਂ ਤਾਂ ਉਹ ਹੁਣ ਤੋਂ ਹੀ ਧਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਆਨਲਾਈਨ ਪੜ੍ਹਾਈ ਤੇ ਦਾਖਲੇ ਕਰਨ, ਕਿਤਾਬਾਂ ਵੰਡਣ ਸਮੇਤ ਹੋਰ ਕਈ ਕਾਰਜਾਂ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਅਧਿਆਪਕਾਂ ਨੂੰ ਪੁਲਸ ਨਾਕਿਆਂ 'ਤੇ ਤਾਇਨਾਤ ਕਰ ਕੇ ਪ੍ਰਸ਼ਾਸਨ ਨੇ ਗਲਤ ਫੈਸਲਾ ਕੀਤਾ ਸੀ ਪਰ ਹੁਣ ਸ਼ਰਾਬ ਦੀਆਂ ਫੈਕਟਰੀਆਂ 'ਚ ਉਨ੍ਹਾਂ ਦੀਆਂ ਲਾਈਆਂ ਡਿਊਟੀਆਂ ਨੂੰ ਬਿਲਕੁੱਲ ਸਹਿਣ ਨਹੀਂ ਕੀਤਾ ਜਾ ਸਕਦਾ।
ਪੰਜਾਬ ਸਰਕਾਰ ਖਿਲਾਫ ਸੜਕਾਂ 'ਤੇ ਉਤਰੇ ਸਕੂਲ ਵੈਨ ਤੇ ਆਟੋ ਚਾਲਕ
NEXT STORY