ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਸ਼ਹਿਰ ਦੇ ਗਾਂਧੀ ਨਗਰ ਇਲਾਕੇ ਵਿਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਗਾਂਧੀ ਨਗਰ ਦੀ ਗਲੀ ਨੰਬਰ 4 ਵਿਚ ਅਣਪਛਾਤੇ ਚੋਰਾਂ ਵੱਲੋਂ ਇਕ ਘਰ ਦੀ ਛੱਤ ਰਾਹੀਂ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਮੋਬਾਈਲ ਫ਼ੋਨ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਦਈ ਬੋਬੀ ਪੁੱਤਰ ਗੁਲਛਣ ਕੁਮਾਰ ਵਾਸੀ ਗਲੀ ਨੰਬਰ 4, ਗਾਂਧੀ ਨਗਰ (ਜੋ ਕਿ ਈ-ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ) ਨੇ ਦੱਸਿਆ ਕਿ 26 ਜੁਲਾਈ ਦੀ ਰਾਤ ਨੂੰ ਉਹ ਆਪਣੇ ਪਰਿਵਾਰ ਸਮੇਤ ਰੋਜ਼ਾਨਾ ਦੀ ਤਰ੍ਹਾਂ ਕਰੀਬ 11-12 ਵਜੇ ਬੈਡਰੂਮ ਵਿੱਚ ਸੌਂ ਗਿਆ ਸੀ। ਬੈਡਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ।
ਅਗਲੀ ਸਵੇਰ (27 ਜੁਲਾਈ) ਕਰੀਬ 5 ਵਜੇ ਜਦੋਂ ਉਹ ਜਾਗਿਆ ਤਾਂ ਉਸ ਦਾ ਪੋਕੋ ਸੀ 71 ਮੋਬਾਈਲ ਫ਼ੋਨ (ਕੀਮਤ ਕਰੀਬ 7,500 ਰੁਪਏ) ਗਾਇਬ ਸੀ। ਜਦੋਂ ਉਸ ਨੇ ਘਰ ਦੀ ਜਾਂਚ ਕੀਤੀ ਤਾਂ ਪਿਛਲੇ ਕਮਰੇ 'ਚ ਪਈ ਅਲਮਾਰੀ ਦਾ ਤਾਲਾ ਖੁੱਲ੍ਹਾ ਹੋਇਆ ਸੀ, ਜਿਸ ਵਿੱਚੋਂ 3,000 ਰੁਪਏ ਨਗਦ ਅਤੇ ਪੂਜਾ ਵਾਲੇ ਕਮਰੇ ਵਿੱਚ ਰੱਖੀ ਗੋਲਕ ਵਿੱਚੋਂ ਕਰੀਬ 8,000 ਰੁਪਏ ਚੋਰੀ ਹੋ ਚੁੱਕੇ ਸਨ। ਕੁੱਲ ਮਿਲਾ ਕੇ ਮੋਬਾਈਲ ਅਤੇ ਨਗਦੀ ਸਮੇਤ ਕਰੀਬ 18,500 ਰੁਪਏ ਦਾ ਨੁਕਸਾਨ ਹੋਇਆ ਹੈ।
ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਦਿਨ ਵੇਲੇ ਇਲਾਕੇ 'ਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਗੁਆਂਢੀ ਤਰਸੇਮ ਕੁਮਾਰ ਪੁੱਤਰ ਰਾਜ ਕੁਮਾਰ ਦਾ ਵੀ 'ਗਲੈਕਸੀ 10' ਮੋਬਾਈਲ ਫ਼ੋਨ ਉਸੇ ਰਾਤ ਚੋਰੀ ਹੋਇਆ ਹੈ। ਪੀੜਤ ਮੁਤਾਬਕ ਅਣਪਛਾਤੇ ਚੋਰਾਂ ਨੇ ਘਰ ਦੀ ਛੱਤ ਰਾਹੀਂ ਅੰਦਰ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਸਹਾਇਕ ਸਬ-ਇੰਸਪੈਕਟਰ ਚਰਨਜੀਤ ਸਿੰਘ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀ ਧਾਰਾ 305 ਅਤੇ 331(4) ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮੋਬਾਈਲ ਫ਼ੋਨਾਂ ਦੇ IMEI ਨੰਬਰਾਂ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਪਸ ਕੀਤੀ ਸਰਕਾਰੀ ਸੁਰੱਖਿਆ
NEXT STORY