ਲੁਧਿਆਣਾ, (ਸਹਿਗਲ)- ਖੁਰਾਕੀ ਤੇਲਾਂ ਤੋਂ ਪੈਦਾ ਹੁੰਦੀ ਟ੍ਰਾਂਸਫੈਟ ਨੂੰ ਹਿਰਦੇ ਰੋਗਾਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਟ੍ਰਾਂਸਫੈਟ ਖੂਨ ’ਚ ਚੰਗੇ ਕੋਲੈਸਟ੍ਰਾਲ ਦੀ ਮਾਤਰਾ ਨੂੰ ਘੱਟ ਕਰਦਾ ਹੈ ਅਤੇ ਹਾਰਟ ਅਟੈਕ ਦੇ ਲੱਛਣਾਂ ਨੂੰ ਵਧਾਉਂਦਾ ਹੈ ਅਤੇ ਹਿਰਦਾ ਧਮਣ ਰੋਗਾਂ ਦਾ ਕਾਰਕ ਬਣਦਾ ਹੈ। ਮਾਹਿਰਾਂ ਅਨੁਸਾਰ ਖੁਰਾਕੀ ਤੇਲਾਂ ਨੂੰ ਵਾਰ-ਵਾਰ ਗਰਮ ਕਰਨ ’ਤੇ ਟ੍ਰਾਂਸਫੈਟ ਬਣਦਾ ਹੈ, ਜੋ ਹਿਰਦੇ ਰੋਗਾਂ ਦੇ ਇਲਾਵਾ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਬਣਦਾ ਹੈ। ਇਸ ਦੇ ਇਲਾਵਾ ਪੇਟ ਦੇ ਕਈ ਰੋਗ ਇਸ ਨਾਲ ਪੈਦਾ ਹੁੰਦੇ ਹਨ।
ਟ੍ਰਾਂਸਫੈਟ ਨਾਲ ਲੈੱਸ ਚੀਜ਼ਾਂ
ਬਾਜ਼ਾਰ ’ਚ ਮਿਲਣ ਵਾਲੇ ਫਾਸਟ ਫੂਡ ’ਚ ਇਸ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਇਨ੍ਹਾਂ ’ਚ ਪੀਜ਼ਾ, ਬਰਗਰ, ਪੈਟੀ, ਪੇਸਟਰੀ, ਬਿਸਕੁੱਟ, ਕੇਕ ’ਤੇ ਲਾਈ ਜਾਣ ਵਾਲੀ ਕ੍ਰੀਮ ਦੇ ਇਲਾਵਾ ਸਮੌਸੇ, ਪਕੌਡ਼ੇ ਤੇ ਹੋਰ ਫਰਾਈਡ ਚੀਜ਼ਾਂ ਸ਼ਾਮਲ ਹਨ। ਹੈਦਰਾਬਾਦ ਸਥਿਤ ਇੰਸਟੀਚਿਊਟ ਆਫ ਨਿਊਟ੍ਰੀਸ਼ੀਅਨ ਦੇ ਵਿਗਿਆਨੀ ਕਾਫੀ ਪਹਿਲਾਂ ਇਸ ਦੀ ਚਿਤਾਵਨੀ ਦੇ ਚੁੱਕੇ ਹਨ।
ਕਿਸ ਤਰ੍ਹਾਂ ਪੈਦਾ ਹੁੰਦੈ ਖਤਰਾ
ਬਨਸਪਤੀ ਤੇਲ ਤੇ ਸਰ੍ਹੋਂ ਦੇ ਤੇਲ ਨੂੰ ਵਾਰ-ਵਾਰ ਗਰਮ ਕਰ ਕੇ ਵਰਤਿਆ ਜਾਂਦਾ ਹੈ। ਕੋਈ ਵੀ ਦੁਕਾਨਦਾਰ ਤੇਲ ਨੂੰ ਇਕ ਵਾਰ ਵਰਤੋਂ ਕਰ ਕੇ ਸੁੱਟਦਾ ਨਹੀਂ। ਇਹ ਵੀ ਚਰਚਾ ਹੈ ਕਿ ਵਾਰ-ਵਾਰ ਵਰਤੋਂ ਕਰ ਕੇ ਤੇਲ ਜਦੋਂ ਕਾਲਾ ਪੈ ਜਾਂਦਾ ਹੈ ਤਾਂ ਉਸ ਨੂੰ ਰੇਹਡ਼ੀ ਵਾਲਿਆਂ ਨੂੰ ਸਸਤੇ ਵਿਚ ਵੇਚ ਦਿੱਤਾ ਜਾਂਦਾ ਹੈ, ਜੋ ਸਿੱਧਾ ਜ਼ਹਿਰ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਪੇਟ ਤੇ ਖਾਣਾ ਨਲੀ ’ਚ ਅਲਸਰ ਬਣਨ ਦੀ ਸੰਭਾਵਨਾ ਤੇ ਖਤਰਾ ਕਾਫੀ ਵੱਧ ਜਾਂਦਾ ਹੈ।
ਕੀ ਕਹਿੰਦੇ ਹਨ ਮਾਹਿਰ
ਪੰਚਮ ਹਸਪਤਾਲ ਦੇ ਹਿਰਦੇ ਰੋਗ ਮਾਹਿਰ ਡਾ. ਆਰ. ਪੀ. ਸਿੰਘ, ਦੀਪਕ ਹਸਪਤਾਲ ਦੇ ਪੇਟ ਰੋਗਾਂ ਦੇ ਮਾਹਿਰ ਡਾ. ਦਿਨੇਸ਼ ਗੁਪਤਾ ਅਨੁਸਾਰ ਅੱਜ ਕੱਲ ਫਾਸਟ ਫੂਡ ਨਾਲ ਬੀਮਾਰ ਹੋਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਘਰ ’ਚ ਵੀ ਸਰ੍ਹੋਂ ਦੇ ਤੇਲ ਨੂੰ ਇੰਨਾ ਗਰਮ ਨਹੀਂ ਕਰਨਾ ਚਾਹੀਦਾ ਕਿ ਉਹ ਧੂੰਆਂ ਛੱਡਣ ਲੱਗੇ, ਬਲਕਿ ਸਬਜ਼ੀ ਬਣਾਉਣ ਸਮੇਂ ਇਸ ਨੂੰ ਬਿਨਾਂ ਗਰਮ ਕੀਤੇ ਸਬਜ਼ੀ ਵਿਚ ਪਾਉਣਾ ਚਾਹੀਦਾ ਹੈ। ਬਾਜ਼ਾਰ ਵਿਚ ਜੋ ਦੁਕਾਨਦਾਰ ਵਾਰ-ਵਾਰ ਤੇਲ ਗਰਮ ਕਰ ਕੇ ਇਸ ਤੋਂ ਚੀਜ਼ਾਂ ਬਣਾ ਕੇ ਵੇਚਦੇ ਹਨ, ਉਹ ਜ਼ਹਿਰ ਦਾ ਕੰਮ ਕਰ ਰਹੀਆਂ ਹਨ।
ਕਾਰਵਾਈ ਕਰੇਗਾ ਸਿਹਤ ਵਿਭਾਗ
ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਉਹ ਲੋਕਾਂ ਨੂੰ ਵਾਰ-ਵਾਰ ਇਸ ਵੱਲ ਜਾਗਰੁੂਕ ਵੀ ਕਰ ਰਹੇ ਹਨ। ਇਸ ਨਾਲ ਤੇਲ ਦੀ ਪੌਸ਼ਟਿਕਤਾ ਖਤਮ ਹੋ ਜਾਂਦੀ ਹੈ ਅਤੇ ਉਹ ਬੀਮਾਰੀਆਂ ਦਾ ਕਾਰਣ ਬਣਦਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਵਰਤੋਂ ਕੀਤੇ ਜਾਣ ਵਾਲਾ ਤੇਲ ਦਿਲ, ਜਿਗਰ ਤੇ ਪੇਟ ਲਈ ਕਾਫੀ ਹਾਨੀਕਾਰਕ ਹੈ। ਜਲਦੀ ਹੀ ਖੁਰਾਕੀ ਤੇਲਾਂ ਦੀ ਗੁਣਵਤਾ ਦੀ ਜਾਂਚ ਲਈ ਇਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਕਿਉਂਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਸਾਰਿਆਂ ਨੂੰ ਸ਼ੁੱਧ ਹਵਾ, ਪਾਣੀ ਅਤੇ ਮਿਲਾਵਟ ਰਹਿਤ ਖਾਣਾ ਉਪਲਬਧ ਕਰਵਾਉਣ ਲਈ ਵਚਨਬੱਧ ਹੈ।
ਇਸ ਲਈ ਫੂਡ ਸੇਫਟੀ ਦੇ ਨਿਯਮਾਂ ਅਨੁਸਾਰ ਖੁਰਾਕੀ ਪਦਾਰਥ ਬਣਾਉਣ ਲਈ ਗੁਣਵਤਾ ਭਰਪੂਰ ਸਾਮਾਨ ਦੀ ਹੀ ਵਰਤੋੋ ਕਰਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਨਵੇਂ ਨਿਯਮਾਂ ਅਨੁਸਾਰ ਮਿਲਾਵਟੀ ਤੇ ਖਾਣ ਦੇ ਯੋਗ ਨਾ ਹੋਣ ਵਾਲੇ ਖੁਰਾਕੀ ਪਦਾਰਥਾਂ ਲਈ ਸਖਤ ਸਜ਼ਾ ਤੇ ਜੁਰਮਾਨੇ ਦਾ ਪ੍ਰਬੰਧ ਹੈ।
ਘਰ ਦੇ ਤਾਲੇ ਤੋਡ਼ 8 ਲੱਖ ਦੇ ਗਹਿਣੇ ਤੇ 80 ਹਜ਼ਾਰ ਕੈਸ਼ ਲੈ ਗਏ ਚੋਰ
NEXT STORY