180 ਡੈਸਕਾਂ 'ਤੇ 360 ਪ੍ਰੀਖਿਆਰਥੀਆਂ ਨੂੰ ਬਿਠਾ ਕੇ ਲਈ ਜਾ ਰਹੀ 12ਵੀਂ ਦੀ ਪ੍ਰੀਖਿਆ
ਲੁਧਿਆਣਾ(ਵਿੱਕੀ)-ਹੁਣ ਇਸ ਨੂੰ ਪ੍ਰੀਖਿਆ ਕੇਂਦਰ ਬਣਾਉਣ 'ਚ ਬੋਰਡ ਦੀ ਜਲਦਬਾਜ਼ੀ ਕਿਹਾ ਜਾਵੇ ਜਾਂ ਫਿਰ ਕਾਲਜ ਵਲੋਂ ਸਿੱਖਿਆ ਵਿਭਾਗ ਨੂੰ ਸਹਿਯੋਗ ਨਾ ਕਰਨਾ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੀ. ਐੱਸ. ਈ. ਬੀ. ਦੀ 12ਵੀਂ ਦੀ ਸਾਲਾਨਾ ਪ੍ਰੀਖਿਆਵਾਂ ਲਈ ਸਰਕਾਰੀ ਕੰਨਿਆ ਕਾਲਜ 'ਚ ਬਣੇ ਪ੍ਰੀਖਿਆ ਕੇਂਦਰ ਦੇ ਹਾਲ 'ਚ ਇਕ ਬੈਂਚ 'ਤੇ ਦੋ ਵਿਦਿਆਰਥੀ ਬੈਠ ਕੇ ਪ੍ਰੀਖਿਆ ਦੇ ਰਹੇ ਹਨ। ਜੇਕਰ ਕੋਈ ਇਸ ਹਾਲਤ ਨੂੰ ਦੇਖੇ ਤਾਂ ਇਹ ਲੱਗੇਗਾ ਕਿ ਇਹ ਬੋਰਡ ਪ੍ਰੀਖਿਆ ਨਹੀਂ, ਸਗੋਂ ਕਲਾਸਵਾਈਜ਼ ਟੈਸਟ ਚੱਲ ਰਹੇ ਹਨ, ਹੁਣ ਜੇਕਰ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਬੋਰਡ ਮੁਤਾਬਕ ਇਕੋ ਹੀ ਡੈਸਕ 'ਤੇ ਇਕੋ ਕਲਾਸਾਂ ਦੇ ਦੋ ਵਿਦਿਆਰਥੀਆਂ ਨੂੰ ਬਰਾਬਰ ਪ੍ਰੀਖਿਆ ਦੇਣ ਲਈ ਨਹੀਂ ਬਿਠਾਇਆ ਜਾ ਸਕਦਾ ਪਰ ਇਸਦੇ ਬਾਵਜੂਦ ਉਕਤ ਪ੍ਰੀਖਿਆ ਕੇਂਦਰ 'ਚ ਅੱਜ ਈ. ਵੀ. ਐੱਸ. ਪੇਪਰ ਵੀ ਇਸੇ ਤਰ੍ਹਾਂ ਕਰਵਾਇਆ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅੰਗ੍ਰੇਜ਼ੀ ਤੇ ਅੱਜ ਈ.ਵੀ.ਐੱਸ. ਦੇ ਪੇਪਰ 'ਚ ਵੀ ਹਾਲ 'ਚ ਇਕ ਬੈਂਚ 'ਤੇ ਦੋ ਪ੍ਰੀਖਿਆਰਥੀ ਬਿਠਾਏ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਲਜ ਵਲੋਂ ਸਰਕਾਰ ਦੇ ਹੀ ਇਸ ਬੋਰਡ ਦੀ ਸਾਲਾਨਾ ਪ੍ਰੀਖਿਆਵਾਂ ਲਈ ਪੂਰਨ ਰੂਪ 'ਚ ਸਹਿਯੋਗ ਕਰਨ 'ਚ ਕਦਮ ਪਿੱਛੇ ਜਾ ਰਹੇ ਹਨ। ਜੇਕਰ ਕਾਲਜ ਸਿੱਖਿਆ ਵਿਭਾਗ ਨੂੰ ਪੂਰੀ ਤਰ੍ਹਾਂ ਇੰਫ੍ਰਾਸਟ੍ਰੱਕਚਰ ਪ੍ਰਦਾਨ ਕਰਦਾ ਤਾਂ ਸ਼ਾਇਦ ਇਕ ਡੈਸਕ 'ਤੇ ਦੋ ਵਿਦਿਆਰਥੀ ਬਿਠਾਉਣ ਦੀ ਨੌਬਤ ਨਹੀਂ ਆਉਂਦੀ।
471 ਪ੍ਰੀਖਿਆਰਥੀਆਂ ਲਈ ਬਣਾਇਆ ਗਿਆ ਹੈ ਪ੍ਰੀਖਿਆ ਕੇਂਦਰ
ਜਾਣਕਾਰੀ ਮੁਤਾਬਕ ਬੋਰਡ ਵਲੋਂ ਉਕਤ ਕਾਲਜ 'ਚ 471 ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ। ਜਿਸ 'ਚ ਕਾਲਜ ਵਲੋਂ ਆਪਣੇ ਆਡੀਟੋਰੀਅਮ ਨੂੰ ਪ੍ਰੀਖਿਆ ਹਾਲ ਦੇ ਰੂਪ ਦੇ ਕੇ ਉਥੇ 360 ਵਿਦਿਆਰਥੀਆਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਹੁਣ ਜੇਕਰ ਗੱਲ ਹਾਲ ਦੀ ਕਰੀਏ ਤਾਂ ਇਥੇ ਕੁਲ 180 ਡੈਸਕ ਲਾਏ ਗਏ ਹਨ, ਜਿਨ੍ਹਾਂ 'ਤੇ ਪ੍ਰਤੀ ਡੈਸਕ ਦੋ ਪ੍ਰੀਖਿਆਰਥੀ ਬੈਠ ਕੇ ਆਸਾਨੀ ਨਾਲ ਪੇਪਰ ਦੇ ਰਹੇ ਹਨ। ਉਥੇ ਹੋਰ ਪ੍ਰੀਖਿਆਰਥੀਆਂ ਨੂੰ ਵੱਖ-ਵੱਖ ਕਮਰਿਆਂ 'ਚ ਬਿਠਾਇਆ ਗਿਆ ਹੈ।
ਪ੍ਰੀਖਿਆ ਕੇਂਦਰ ਸੁਪਰਡੈਂਟ ਨੇ ਵਿਭਾਗ ਨੂੰ ਸਥਿਤੀ ਤੋਂ ਕਰਵਾਇਆ ਜਾਣੂ
ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਹਰਜੀਤ ਸਿੰਘ ਨੇ ਵੀ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਪਹਿਲੇ ਪੇਪਰ ਦੇ ਦਿਨ ਹੀ ਕਾਲਜ 'ਚ ਪੈਦਾ ਹੋਈ ਸਥਿਤੀ ਬਾਰੇ ਜਾਣੂ ਕਰਵਾ ਦਿੱਤਾ ਹੈ। ਡੀ. ਈ. ਓ. ਨੂੰ ਲਿਖਤ ਪੱਤਰ 'ਚ ਸੁਪਰਡੈਂਟ ਨੇ ਸਪੱਸ਼ਟ ਕਿਹਾ ਹੈ ਕਿ ਇਸ ਪ੍ਰੀਖਿਆ ਕੇਂਦਰ 'ਚ ਵਿਦਿਆਰਥੀਆਂ ਦੇ ਬੈਠਣ ਲਈ ਡੈਸਕਾਂ ਤੇ ਜਗ੍ਹਾ ਦੀ ਕਾਫੀ ਘਾਟ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਜ ਪ੍ਰਸ਼ਾਸਨ ਤੇ ਕੇਂਦਰ ਕੰਟਰੋਲਰ ਨੂੰ ਵੀ ਕਈ ਵਾਰ ਇਸ ਸਬੰਧੀ ਦੱਸਿਆ ਜਾ ਚੁੱਕਿਆ ਹੈ ਪਰ ਫਿਲਹਾਲ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ।
ਸੈਂਟਰ ਰੱਦ ਕਰਨ ਲਈ ਬੋਰਡ ਨੂੰ ਪੱਤਰ ਲਿਖ ਚੁੱਕਾ ਹੈ ਕਾਲਜ
ਸੂਤਰ ਦੱਸਦੇ ਹਨ ਕਿ ਕਾਲਜ ਪ੍ਰਸ਼ਾਸਨ ਨੇ ਵੀ ਪ੍ਰੀਖਿਆਰਥੀਆਂ ਲਈ ਸੈਂਟਰ ਬਣਨ ਦੇ ਤੁਰੰਤ ਬਾਅਦ ਹੀ ਬੋਰਡ ਦੇ ਚੇਅਰਮੈਨ ਤੇ ਡੀ. ਈ. ਓ. ਨੂੰ ਬਾਕਾਇਦਾ ਪੱਤਰ ਲਿਖ ਕੇ ਸੈਂਟਰ ਬੰਦ ਕਰਨ ਦਾ ਸੱਦਾ ਦਿੱਤਾ ਸੀ। ਕਾਲਜ ਵਲੋਂ ਲਿਖੇ ਗਏ ਪੱਤਰ 'ਚ ਉਕਤ ਅਧਿਕਾਰੀਆਂ ਨੂੰ ਦੱਸਿਆ ਗਿਆ ਸੀ ਕਿ ਕਾਲਜ 'ਚ 11ਵੀਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਹਨ ਤੇ 12ਵੀਂ ਦੇ ਵੀ ਸਿਰਫ 80 ਵਿਦਿਆਰਥੀ ਹੀ ਪੜ੍ਹਾਈ ਕਰ ਰਹੇ ਹਨ। ਅਗਲੇ ਸੈਸ਼ਨ ਤੋਂ ਇਹ ਕਲਾਸ ਵੀ ਬੰਦ ਕਰ ਦਿੱਤੀ ਜਾਵੇਗੀ। ਕਾਲਜ 'ਚ ਪੰਜਾਬ ਯੂਨੀਵਰਸਿਟੀ ਸਮੈਸਟਰ ਦੇ ਅੰਦਰ ਗ੍ਰੈਜੂਏਟ ਤੇ ਪੋਸਟ ਗਰੈਜੂਏਟ ਕੋਰਸਿਸ ਦੀਆਂ ਕਲਾਸਾਂ ਚੱਲ ਰਹੀਆਂ ਹਨ, ਇਸ ਲਈ ਕਾਲਜ 'ਚ ਨਾ ਤਾਂ ਸੈਂਟਰ ਲਈ ਕਮਰੇ ਤੇ ਨਾ ਹੀ ਅਧਿਆਪਕ ਉਪਲੱਬਧ ਹਨ। ਇਸ ਲਈ ਸੈਂਟਰ ਨੂੰ ਰੱਦ ਕੀਤਾ ਜਾਵੇ। ਕਾਲਜ ਵਲੋਂ ਲਿਖੇ ਗਏ ਇਸ ਪੱਤਰ 'ਤੇ ਵੀ ਬੋਰਡ ਨੇ ਕੋਈ ਧਿਆਨ ਨਹੀਂ ਦਿੱਤਾ।
ਕਾਲਜ ਨੇ ਖਿੱਚੇ ਹੱਥ ਤਾਂ ਡੀ. ਈ. ਓ. ਨੇ ਕਰਵਾਇਆ ਡੈਸਕਾਂ ਦਾ ਇੰਤਜ਼ਾਮ
ਹਾਲਾਂਕਿ ਬੋਰਡ ਵਲੋਂ ਫਿਲਹਾਲ ਪ੍ਰੀਖਿਆ ਕੇਂਦਰ ਰੱਦ ਕਰਨ ਦੀ ਹਾਲਤ 'ਚ ਵਿਭਾਗ ਨੇ ਕਾਲਜ 'ਚ ਹੀ ਪ੍ਰੀਖਿਆ ਕੇਂਦਰ ਬਣਾ ਕੇ ਪ੍ਰੀਖਿਆਵਾਂ ਸ਼ੁਰੂ ਕਰਵਾ ਦਿੱਤੀਆਂ ਪਰ ਕਾਲਜ ਵਲੋਂ ਪ੍ਰੀਖਿਆਰਥੀਆਂ ਨੂੰ ਬਿਠਾਉਣ ਲਈ ਡੈਸਕ ਉਪਲੱਬਧ ਕਰਵਾਉਣ ਲਈ ਹੱਥ ਖੜ੍ਹੇ ਕਰ ਦਿੱਤੇ ਗਏ। ਇਹ ਹੀ ਨਹੀਂ ਪਹਿਲੇ ਪੇਪਰ ਦੇ ਦਿਨ ਤਾਂ ਕਾਲਜ ਵਲੋਂ ਆਪਣਾ ਸਟਾਫ ਵੀ ਨਹੀਂ ਦਿੱਤਾ ਗਿਆ, ਜਿਸ ਕਾਰਨ ਵਿਭਾਗ ਨੂੰ ਜਲਦਬਾਜ਼ੀ 'ਚ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਭੇਜ ਕੇ ਉਥੇ ਉਨ੍ਹਾਂ ਦੀ ਡਿਊਟੀ ਲਾਉਣੀ ਪਈ। ਬੋਰਡ ਤੇ ਵਿਭਾਗ ਦੇ ਨਵੇਂ ਨਿਯਮਾਂ ਮੁਤਾਬਕ ਜਿਸ ਸੰਸਥਾਨ 'ਚ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ, ਉਥੇ ਡਿਊਟੀ ਵੀ ਸਬੰਧਤ ਸੰਸਥਾਨ ਸਟਾਫ ਹੀ ਦੇਵੇਗਾ। ਆਨਣ-ਫਾਨਣ 'ਚ ਪਹਿਲੇ ਪੇਪਰ ਦੇ ਦਿਨ ਸੁਪਰਡੈਂਟ ਅਤੇ ਹੋਰ ਵਿਭਾਗੀ ਅਧਿਕਾਰੀਆਂ ਨੇ ਪ੍ਰੀਖਿਆਰਥੀਆਂ ਲਈ ਡੈਸਕਾਂ ਦਾ ਇੰਤਜ਼ਾਮ ਕਾਲਜ ਤੋਂ ਹੀ ਕਰਵਾਇਆ। ਉਕਤ ਗੱਲ ਦੀ ਸੂਚਨਾ ਵਿਭਾਗ ਤੱਕ ਪਹੁੰਚਦੇ ਹੀ ਡੀ.ਈ.ਓ. ਸਵਰਨਜੀਤ ਕੌਰ ਨੇ ਵੀਰਵਾਰ ਨੂੰ ਆਪਣੇ ਵਲੋਂ ਡੈਸਕਾਂ ਦੀ ਵਿਵਸਥਾ ਕਰਵਾਈ।
ਕਾਲਜ ਦੇ ਰਿਹਾ ਕਲਾਸਾਂ ਪ੍ਰਭਾਵਿਤ ਹੋਣ ਦਾ ਹਵਾਲਾ
ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਸੁਪਰਡੈਂਟ ਵਲੋਂ ਕਾਲਜ ਨੂੰ ਪ੍ਰੀਖਿਆਰਥੀਆਂ ਲਈ ਤਿੰਨ ਹੋਰ ਕਲਾਸਾਂ ਖੋਲ੍ਹਣ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਹਾਲ 'ਚ ਇਕ ਡੈਸਕ 'ਤੇ ਬੈਠੇ ਦੋ ਵਿਦਿਆਰਥੀਆਂ ਨੂੰ ਉਕਤ ਕਮਰਿਆਂ 'ਚ ਅਡਜਸਟ ਕੀਤਾ ਜਾ ਸਕੇ। ਉਥੇ ਦੂਜੇ ਪਾਸੇ ਕਾਲਜ ਵਲੋਂ ਆਪਣੀਆਂ ਕਲਾਸਾਂ ਪ੍ਰਭਾਵਿਤ ਹੋਣ ਦਾ ਹਵਾਲਾ ਦੇ ਕੇ ਕਮਰੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਸਿੱਖਿਆ ਵਿਭਾਗ ਦੇ ਉੱਚ-ਅਧਿਕਾਰੀ ਹੁਣ ਕਾਲਜ ਅਥਾਰਿਟੀ ਨਾਲ ਇਸ ਸਬੰਧੀ ਗੱਲ ਕਰਨ ਦੀ ਤਿਆਰੀ ਕਰ ਰਹੇ ਹਨ, ਤਾਂ ਕਿ ਪ੍ਰੀਖਿਆਰਥੀਆਂ ਲਈ ਕਮਰਿਆਂ ਦੀ ਵਿਵਸਥਾ ਕਰਵਾਈ ਜਾ ਸਕੇ।
ਚੋਰੀ ਦੇ ਜਨਰੇਟਰ ਸਮੇਤ 2 ਗ੍ਰਿਫਤਾਰ
NEXT STORY