ਲੁਧਿਆਣਾ(ਵਿੱਕੀ)-ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਰਾਜ ਦੇ ਮੈਰੀਟੋਰੀਅਸ ਸਕੂਲਾਂ 'ਚ ਅਧਿਆਪਕਾਂ ਦੀ ਭਰਤੀ ਕਰਨ ਦਾ ਐਲਾਨ ਕਰ ਕੇ ਸਰਕਾਰ ਨੇ ਇਸ ਕਮੀ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਕਦਮ ਵਧਾਏ ਹਨ। ਇਸ ਲੜੀ ਤਹਿਤ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਉਕਤ ਸਕੂਲਾਂ ਵਿਚ 156 ਲੈਕਚਰਾਰਾਂ ਦੀ ਭਰਤੀ ਠੇਕੇ ਦੇ ਆਧਾਰ 'ਤੇ ਕਰਨ ਦੇ ਹੁਕਮ ਸਿੱਖਿਆ ਵਿਭਾਗ ਨੂੰ ਜਾਰੀ ਕੀਤੇ ਹਨ।
ਪਹਿਲੀ ਸਰਕਾਰ ਨੇ ਸ਼ੁਰੂ ਕੀਤੇ ਸਨ ਸਕੂਲ
ਜਾਣਕਾਰੀ ਮੁਤਾਬਕ ਪਹਿਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸ਼ੁਰੂ ਕੀਤੇ ਗਏ ਇਨ੍ਹਾਂ ਮੈਰੀਟੋਰੀਅਸ ਸਕੂਲਾਂ ਵਿਚ 11ਵੀਂ ਅਤੇ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਕਾਮਰਸ ਤੇ ਸਾਇੰਸ ਸਟਰੀਮ ਦੀ ਪੜ੍ਹਾਈ ਸ਼ੁਰੂ ਕਰਵਾਈ ਗਈ, ਜਿਨ੍ਹਾਂ ਨੇ ਸਰਕਾਰੀ ਸਕੂਲਾਂ 'ਚ ਪੈਂਦੇ ਹੋਏ 10ਵੀਂ ਕਲਾਸ ਵਿਚ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿਦਿਆਰਥੀਆਂ ਲਈ ਸਰਕਾਰ ਨੇ ਇਕ ਸੋਸਾਇਟੀ ਦਾ ਗਠਨ ਕਰ ਕੇ ਉਸ ਦੇ ਅਧੀਨ ਰਾਜ ਦੇ 6 ਜ਼ਿਲਿਆਂ ਵਿਚ ਮੈਰੀਟੋਰੀਅਸ ਸਕੂਲਾਂ ਦੀ ਸ਼ੁਰੂਆਤ ਕੀਤੀ, ਜਿੱਥੇ ਵਿਦਿਆਰਥੀ ਨੂੰ ਸਿੱਖਿਆ ਦੇ ਨਾਲ ਰਹਿਣ ਤੇ ਖਾਣ-ਪੀਣ ਦੀ ਮੁਫਤ ਸੁਵਿਧਾ ਪ੍ਰਦਾਨ ਕੀਤੀ ਗਈ।
ਕੁੱਝ ਸਮਾਂ ਬੀਤਣ ਦੇ ਬਾਅਦ ਹੀ ਕਈ ਟੀਚਰਾਂ ਨੇ ਕਰ ਦਿੱਤੀ ਬਾਏ-ਬਾਏ
ਕੁੱਝ ਸਮਾਂ ਬੀਤਣ ਦੇ ਬਾਅਦ ਇਨ੍ਹਾਂ ਸਕੂਲਾਂ 'ਚ ਸ਼ੁਰੂਆਤੀ ਗੇੜ ਵਿਚ ਭਰਤੀ ਕੀਤੇ ਗਏ ਕੁੱਝ ਅਧਿਆਪਕਾਂ ਦੀ ਰੈਗੂਲਰ ਭਰਤੀ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਹੋ ਗਈ, ਜਿਸ ਕਾਰਨ ਉਨ੍ਹਾਂ ਨੇ ਮੈਰੀਟੋਰੀਅਸ ਸਕੂਲਾਂ ਨੂੰ ਬਾਏ-ਬਾਏ ਕਰ ਦਿੱਤਾ। ਇਸ ਪ੍ਰਕਿਰਿਆ ਕਾਰਨ ਮੈਰੀਟੋਰੀਅਸ ਸਕੂਲਾਂ ਵਿਚ ਸਥਾਈ ਅਧਿਆਪਕਾਂ ਦੀ ਕਮੀ ਆਉਣ ਲੱਗੀ ਪਰ ਸਰਕਾਰ ਨੇ ਅਧਿਆਪਕ ਭਰਤੀ 'ਤੇ ਧਿਆਨ ਨਾ ਦਿੰਦੇ ਹੋਏ ਸਕੂਲਾਂ ਦੀ ਗਿਣਤੀ ਵਧਾ ਕੇ 6 ਤੋਂ 10 ਤਕ ਕਰ ਦਿੱਤੀ।
ਸਿੱਖਿਆ ਵਿਭਾਗ ਅੱਜ ਮੰਗੇਗਾ ਬਿਨੇ-ਪੱਤਰ
ਮੰਤਰੀ ਦੇ ਹੁਕਮ ਮਿਲਦੇ ਹੀ ਵਿਭਾਗ ਅਤੇ ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਵਿਦਿਆਰਥੀਆਂ ਨੇ 10 ਜ਼ਿਲਿਆਂ ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ, ਤਲਵਾੜਾ 'ਚ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ 'ਚ 156 ਅਧਿਆਪਕਾਂ ਦੀ ਠੇਕੇ 'ਤੇ ਭਰਤੀ ਲਈ 28 ਜੂਨ ਤੋਂ 7 ਜੁਲਾਈ ਤਕ ਯੋਗ ਉਮੀਦਵਾਰਾਂ ਤੋਂ ਅਧਿਕਾਰਤ ਵੈੱਬਸਾਈਟ ਤੇ ਆਨ-ਲਾਈਨ ਬਿਨੇ-ਪੱਤਰ ਮੰਗੇ ਹਨ। ਇਨ੍ਹਾਂ ਸਕੂਲਾਂ ਵਿਚ ਪੰਜਾਬੀ, ਇੰਗਲਿਸ਼, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਮੈਥ, ਕਾਮਰਸ, ਪੁਲੀਟੀਕਲ ਸਾਇੰਸ, ਇਕਨਾਮਿਕਸ, ਹਿਸਟਰੀ ਦੀਆਂ ਵਧੇਰੇ ਪੋਸਟਾਂ ਖਾਲੀ ਹਨ।
ਲੁਧਿਆਣਾ ਦੇ ਸਕੂਲ 'ਚ ਹੀ ਹੈ 14 ਅਧਿਆਪਕਾਂ ਦੀ ਕਮੀ
ਹੁਣ ਜਦੋਂ ਸਕੂਲਾਂ 'ਚ ਇਸ ਸੈਸ਼ਨ ਤੋਂ 11ਵੀਂ ਦੀ ਪੜ੍ਹਾਈ ਸ਼ੁਰੂ ਹੋਣੀ ਹੈ ਤਾਂ ਸਰਕਾਰ ਨੂੰ ਪਹਿਲਾਂ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਦੀ ਯਾਦ ਐਨ ਮੌਕੇ 'ਤੇ ਆ ਗਈ ਹੈ। ਗੱਲ ਜੇਕਰ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਦੀ ਕਰੀਏ ਤਾਂ ਇਥੇ ਪਿਛਲੇ ਸਾਲ ਤੋਂ ਹੀ 14 ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹਨ। ਅਧਿਆਪਕਾਂ ਦੀ ਕਮੀ ਦਾ ਅਸਰ ਨਿਸ਼ਚਿਤ ਤੌਰ 'ਤੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਪੈਂਦਾ ਹੈ। ਜਾਣਕਾਰੀ ਮੁਤਾਬਕ ਸਕੂਲ ਵਿਚ ਇੰਗਲਿਸ਼ ਦੀਆਂ 2, ਗਿਣਤ ਦੀ 2, ਫਿਜ਼ਿਕਸ ਦੀ 4, ਕੈਮਿਸਟਰੀ ਦੀ 2, ਕੰਪਿਊਟਰ ਸਾਇੰਸ ਦੀ 2, ਕਾਮਰਸ ਦੀ 1 ਪੋਸਟ ਪਿਛਲੇ ਸਾਲ ਤੋਂ ਖਾਲੀ ਹੈ। ਪ੍ਰਿੰ. ਕਰਨਲ ਅਮਰਜੀਤ ਸਿੰਘ ਨੇ ਦੱਸਿਆ ਕਿ ਕਈ ਅਧਿਆਪਕਾਂ ਦੀ ਨਿਯੁਕਤੀ ਸਰਕਾਰੀ ਸਕੂਲਾਂ 'ਚ ਰੈਗੂਲਰ ਅਹੁਦੇ 'ਤੇ ਹੋਣ ਤੋਂ ਇਲਾਵਾ ਕਈ ਮਹਿਲਾ ਅਧਿਆਪਕਾਂ ਦਾ ਵਿਆਹ ਹੋਣ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਪਰ ਸਮੇਂ-ਸਮੇਂ 'ਤੇ ਸੋਸਾਇਟੀ ਨੂੰ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ।
ਅੱਜ ਤੇ ਕੱਲ ਹੋਵੇਗੀ ਭਾਰੀ ਬਾਰਿਸ਼!
NEXT STORY