ਅੰਮ੍ਰਿਤਸਰ, (ਦਲਜੀਤ)- ਸਿੱਖਿਆ ਮੰਤਰੀ ਓਮ ਪ੍ਰਕਾਸ਼ ਦੀ ਸਖਤ ਤਾਡ਼ਨਾਂ ਦੇ ਬਾਵਜੂਦ ਅੱਜ ਸੈਂਕਡ਼ੇ ਅਧਿਆਪਕਾਂ ਜ਼ਿਲਾ ਸਿੱਖਿਆ ਦਫਤਰ ਕੰਪਲੈਕਸ ਵਿਚ ਹੁੰਕਾਰ ਭਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਸਾਂਝਾ ਅਧਿਆਪਕ ਮੋਰਚੇ ਦੀ ਅਗਵਾਈ ਵਿਚ ਇਕੱਠੇ ਹੋਏ ਅਧਿਆਪਕਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਜਾਇਜ਼ ਮੰਗਾਂ ਦੀ ਪੂਰਤੀ ਲਈ ਨਾ ਤਾਂ ਉਹ ਸਿੱਖਿਆ ਮੰਤਰੀ ਦੇ ਧਮਕੀਆਂ ਤੋਂ ਡਰਦੇ ਹਨ ਅਤੇ ਨਾ ਹੀ ਕਿਸੇ ਅਧਿਕਾਰੀ ਦੇ ਨਾਦਰਸ਼ਾਹੀ ਫੁਰਮਾਨਾਂ ਤੋਂ। ਮੋਰਚੇ ਨੇ ਐਲਾਨ ਕੀਤਾ ਕਿ 5 ਅਗਸਤ ਨੂੰ ਕੈਪਟਨ ਦੇ ਸ਼ਹਿਰ ਪਟਿਆਲਾ ਵਿਖੇ ਸਰਕਾਰ ਦੇ ਮਾਡ਼ੇ ਵਤੀਰੇ ਕਾਰਨ ਝੰਡਾ ਮਾਰਚ ਕੀਤਾ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਮੋਰਚਾ ਦੇ ਆਗੂਆਂ ਅਸ਼ਵਨੀ ਅਵਸਥੀ, ਮੰਗਲ ਟਾਂਡਾ, ਊਧਮ ਸਿੰਘ ਮਨਾਵਾਂ, ਬਿਕਰਮਜੀਤ ਸ਼ਾਹ, ਅਮਨ ਸ਼ਰਮਾ, ਸੰਤ ਸੇਵਕ ਸਰਕਾਰੀਆ, ਅਰਜਿੰਦਰ ਕਲੇਰ,ਸੁਖਰਾਜ ਸਿੰਘ, ਸੁਖਵਿੰਦਰ ਸਿੰਘ ਮਾਨ, ਗੁਰਦੀਪ ਸਿੰਘ ਬਾਜਵਾ, ਲਖਵਿੰਦਰ ਗਿੱਲ, ਬਲਬੀਰ ਸਿੰਘ, ਲਵਲੀਨਪਾਲ ਸਿੰਘ ਨੇ ਸਿੱਖਿਆ ਮੰਤਰੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣਾ ਅਸਰ ਰਸੂਖ ਵਰਤ ਕੇ ਮਸਲਿਆਂ ਦਾ ਹੱਲ ਕਰਾਉਣ ਨਾ ਕੇ ਅਧਿਆਪਕਾਂ ਨੂੰ ਧਮਕੀਆਂ ਦੇਣ। ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਬੁਲੰਦ ਕਰਨਾ ਹਰੇਕ ਨਾਗਰਿਕ ਦਾ ਲੋਕਤੰਤਰ ਦੇਸ਼ ਭਾਰਤ ਵਿਚ ਸੰਵਿਧਾਨਕ ਹੱਕ ਹੈ ਪਰ ਮੰਤਰੀ ਸਾਹਿਬ ਜ਼ਬਰੀ ਇਹ ਹੱਕ ਖੋਹਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇ ਤਜ਼ਰਬੇ ਤੋਂ ਲੱਗਦਾ ਹੈ ਕਿ ਮੰਤਰੀ ਸਾਹਿਬ ਅਧਿਆਪਕ ਮਸਲਿਆਂ ਦਾ ਹੱਲ ਕਰਾਉਣ ਲਈ ਮੁੱਖ ਮੰਤਰੀ ਕੋਲ ਆਪਣਾ ਪੱਖ ਹੀ ਸਹੀ ਢੰਗ ਨਾਲ ਨਹੀਂ ਰੱਖ ਸਕੇ ਅਤੇ ਹੁਣ ਅਧਿਆਪਕਾਂ ਨੂੰ ਅੱਖਾਂ ਵਿਖਾਉਣ ਲੱਗ ਪਏ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਲਗਾਤਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਸਿੱਖਿਆ ਮੰਤਰੀ ਉਂਝ ਤਾਂ ਬਿਆਨ ਦਿੰਦੇ ਹਨ ਕਿ ਜਾਇਜ਼ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਉਨ੍ਹਾਂ ਦੇ ਸ਼ਹਿਰ ਦੇ ਜ਼ਿਲਾ ਸਿੱਖਿਆ ਦਫਤਰ ਸੈਕੰਡਰੀ ਵਿਚ ਇਕ ਅਧਿਕਾਰੀ ਮਨਮਰਜ਼ੀ ਕਰਦਿਆਂ ਹੋਇਆਂ ਅਧਿਆਪਕਾਂ ਨੂੰ ਖੱਜਲ-ਖੁਆਰ ਕਰ ਰਿਹਾ ਹੈ। ਮੰਤਰੀ ਨੂੰ ਪਹਿਲਾਂ ਆਪਣੇ ਘਰ ਤੋਂ ਆਪਣੇ ਦਿੱਤੇ ਬਿਆਨਾਂ ਨੂੰ ਅਮਲੀਜਾਮਾ ਪਹਿਨਾਉਣਾ ਚਾਹੀਦਾ ਹੈ ਤਾਂ ਹੀ ਪੰਜਾਬ ਵਿਚ ਕਿਸੇ ਹੋਰ ਥਾਂ ’ਤੇ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਮੰਤਰੀ ਦੀ ਤਾਡ਼ਨਾਂ ਤੋਂ ਨਹੀਂ ਡਰਦੇ ਹਨ ਅਤੇ ਅਧਿਆਪਕਾਂ ਦੀਆਂ ਮੰਗਾਂ ਦੀ ਪ੍ਰਵਾਨਗੀ ਤੱਕ ਸੰਘਰਸ਼ ਜਾਰੀ ਰੱਖਣਗੀਆਂ।
ਇਹ ਸਨ ਮੁੱਖ ਮੰਗਾਂ : ਕੱਚੇ ਅਧਿਆਪਕਾਂ ਨੂੰ ਪੂਰੇ ਗਰੇਡ ਵਿਚ ਰੈਗੂਲਰ ਕਰੇ, 22 ਮਹੀਨੇ ਦਾ ਡੀ. ਏ. ਦਾ ਬਕਾਇਆ ਤੁਰੰਤ ਜਾਰੀ ਕਰੇ, ਡੀ. ਏ. ਦੀਆਂ ਡਿਊ 4 ਕਿਸ਼ਤਾਂ ਤੁਰੰਤ ਜਾਰੀ ਕਰੇ, ਛੇਵੇਂ ਤਨਖਾਹ ਕਮਿਸ਼ਨ ਨੂੰ ਜਲਦੀ ਲਾਗੂ ਕਰੇ, ਰਹਿੰਦੀਆਂ ਤਰੱਕੀਅਾਂ ਜਲਦੀ ਕਰਕੇ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਅਲਾਟਮੈਂਟ ਕੀਤੇ ਜਾਵੇ। ਉਪਰੋਕਤ ਆਗੂਆਂ ਨੇ ਡੀ. ਈ. ਓ. ਸਕੰਡਰੀ ਦੇ ਤਾਨਾਸ਼ਾਹੀ ਰਵੱਈਏ ਅਤੇ ਹਰ ਕੰਮ ਨੂੰ ਲਟਕਾਈ ਜਾਣ ਦੀ ਨੀਤੀ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।
ਇਹ ਸਨ ਮੌਜੂਦ : ਇਸ ਮੌਕੇ ਮਲਕੀਤ ਸਿੰਘ ਕੱਦਗਿੱਲ, ਜਰਮਨਜੀਤ ਛੱਜਲਵੱਡੀ, ਹਰਜੀਤ ਸਿੰਘ, ਹਰਦੇਵ ਭਕਨਾ, ਸੁੱਚਾ ਸਿੰਘ ਟਰਪਈ, ਰਾਮ ਸਰੂਪ ਸਿੰਘ, ਸੁਖਰਾਜ ਸਿੰਘ ਸਰਕਾਰੀਆ, ਨਵਜੋਤ ਰਤਨ, ਪ੍ਰਭਜਿੰਦਰ ਸਿੰਘ, ਹਰਜੀਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸੋਹੀਆਂ, ਜਤਿੰਦਰਪਾਲ ਸਿੰਘ, ਪਰਵਿੰਦਰ ਸਿੰਘ, ਜੁਗਰਾਜ ਸਿੰਘ ਸੋਹੀਆਂ, ਹਰਜਾਪ ਬੱਲ, ਹਰਵਿੰਦਰ ਸਿੰਘ ਸੁਲਤਾਨਵਿੰਡ ਅਤੇ ਗੁਰਪ੍ਰੀਤ ਆਦਿ ਵੀ ਮੌਜੂਦ ਸਨ।
ਸੰਧੂ ਕਾਲੋਨੀ ’ਚ ਨਾਜਾਇਜ਼ ਉਸਾਰੀ ’ਤੇ ਚੱਲਿਆ ਨਿਗਮ ਦਾ ‘ਹਥੌਡ਼ਾ’
NEXT STORY