ਮੋਹਾਲੀ (ਕੁਲਦੀਪ) : ਏਕਮ ਢਿੱਲੋਂ ਕਤਲਕਾਂਡ ਦੀ ਸੁਣਵਾਈ ਬੁੱਧਵਾਰ ਨੂੰ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਹੋਈ । ਅਦਾਲਤ ਵਿਚ ਰਿਲਾਇੰਸ ਕੰਪਨੀ ਦੇ ਪ੍ਰਤੀਨਿਧੀ ਨੇ ਪੇਸ਼ ਹੋ ਕੇ ਮੰਗੇ ਗਏ ਨੰਬਰ ਦੀ ਡਿਟੇਲ ਅਦਾਲਤ ਵਿਚ ਦਿੱਤੀ । ਉਸ ਨੇ ਅਦਾਲਤ ਵਿਚ ਦੱਸਿਆ ਕਿ ਇਹ ਫੋਨ ਨੰਬਰ ਪਹਿਲਾਂ ਉਨ੍ਹਾਂ ਦੀ ਕੰਪਨੀ ਦਾ ਸੀ ਪਰ ਬਾਅਦ ਵਿਚ ਉਸ ਨੂੰ ਬੀ. ਐੱਸ. ਐੱਨ. ਐੱਲ. ਵਿਚ ਤਬਦੀਲ ਕਰਵਾ ਲਿਆ ਗਿਆ ਸੀ । ਅਦਾਲਤ ਵਿਚ ਹੋਰ ਤਿੰਨ ਮੋਬਾਇਲ ਫੋਨ ਕੰਪਨੀਆਂ ਦੇ ਪ੍ਰਤੀਨਿਧ ਪੇਸ਼ ਨਹੀਂ ਹੋਏ, ਜਿਨ੍ਹਾਂ ਨੂੰ ਅਦਾਲਤ ਨੇ ਅਗਲੀ ਤਰੀਕ 'ਤੇ ਰਿਕਾਰਡ ਸਮੇਤ ਪੇਸ਼ ਹੋਣ ਨੂੰ ਕਿਹਾ ਹੈ ।
ਅਦਾਲਤ ਵਿਚ ਪਿਛਲੀਆਂ ਕਈ ਤਰੀਕਾਂ ਤੋਂ ਕੇਸ ਦੇ ਗਵਾਹਾਂ ਦੇ ਪੇਸ਼ ਨਾ ਹੋਣ ਨੂੰ ਅਦਾਲਤ ਨੇ ਬੜੀ ਸਖਤੀ ਨਾਲ ਲਿਆ । ਅਦਾਲਤ ਵਿਚ ਕੇਸ ਦਾ ਮੁੱਖ ਗਵਾਹ ਤੁਲ ਬਹਾਦੁਰ ਤਾਂ ਪਹਿਲਾਂ ਹੀ ਗੈਰ ਹਾਜ਼ਰ ਰਹਿ ਰਿਹਾ ਹੈ ਪਰ ਅੱਜ ਕੇਸ ਦੇ ਸ਼ਿਕਾਇਤਕਰਤਾ ਦਰਸ਼ਨ ਸਿੰਘ ਢਿੱਲੋਂ ਅਤੇ ਉਸ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਵੀ ਪੇਸ਼ ਨਹੀਂ ਹੋਏ ।
ਅਦਾਲਤ ਨੇ ਸਖਤੀ ਕਰਦੇ ਹੋਏ ਐੱਸ. ਐੱਚ. ਓ. ਨੂੰ ਅਗਲੀ ਤਰੀਕ 'ਤੇ ਹਰ ਹਾਲਤ ਵਿਚ ਪੇਸ਼ ਕਰਨ ਨੂੰ ਕਿਹਾ ਗਿਆ ਹੈ ।
ਦੱਸਣਯੋਗ ਹੈ ਕਿ ਪਿਛਲੇ ਸਾਲ ਮਾਰਚ 2017 ਵਿਚ ਏਕਮ ਢਿੱਲੋਂ ਦੀ ਲਾਸ਼ ਨੂੰ ਟਿਕਾਣੇ ਲਾਉਣ ਲਿਜਾ ਰਹੀ ਉਸਦੀ ਪਤਨੀ ਸੀਰਤ ਢਿੱਲੋਂ ਦਾ ਭੇਦ ਉਸ ਸਮੇਂ ਖੁੱਲ੍ਹ ਗਿਆ ਸੀ, ਜਦੋਂ ਉਹ ਲਾਸ਼ ਵਾਲਾ ਸੂਟਕੇਸ ਆਪਣੀ ਬੀ. ਐੱਮ. ਡਬਲਿਉੂ. ਕਾਰ ਵਿਚ ਰੱਖਣ ਲਈ ਕਿਸੇ ਆਟੋ ਚਾਲਕ ਦੀ ਮਦਦ ਮੰਗ ਰਹੀ ਸੀ, ਜਿਵੇਂ ਹੀ ਆਟੋ ਚਾਲਕ ਨੂੰ ਪਤਾ ਲੱਗਿਆ ਤਾਂ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਸੀਰਤ ਫਰਾਰ ਹੋ ਗਈ ਸੀ । ਉਸ ਤੋਂ ਬਾਅਦ ਉਸ ਨੇ 10 ਅਪ੍ਰੈਲ ਨੂੰ ਪੁਲਸ ਕੋਲ ਆਤਮ ਸਮਰਪਣ ਕਰ ਦਿੱਤਾ ਸੀ । ਉਸ ਉਪਰੰਤ ਪੁਲਸ ਨੇ 15 ਜੂਨ ਨੂੰ ਇਸ ਕੇਸ ਵਿਚ 100 ਪੰਨਿਆਂ ਦਾ ਚਲਾਣ ਵੀ ਪੇਸ਼ ਕਰ ਦਿੱਤਾ ਸੀ । ਹੁਣ ਇਸ ਕੇਸ ਦੀ ਸੁਣਵਾਈ ਮੋਹਾਲੀ ਦੀ ਅਦਾਲਤ ਵਿਚ ਚੱਲ ਰਹੀ ਹੈ ।
ਰੋਡਵੇਜ਼ ਦੀਆਂ ਬੱਸਾਂ ਨਾ ਆਉਣ ਕਰ ਕੇ ਲੋਕ ਹੋ ਰਹੇ ਨੇ ਪ੍ਰੇਸ਼ਾਨ
NEXT STORY