ਜਲੰਧਰ (ਸੁਨੀਲ) : ਜਲੰਧਰ ਦੇ ਇਕ ਬਜ਼ੁਰਗ ਡਾਕਟਰ ਜੋੜੇ ਨੇ ਉਮਰ ਦੀ ਪਰਵਾਹ ਕੀਤੇ ਬਗੈਰ ਆਪਣਾ ਸਕਾਈਡਾਈਵਿੰਗ ਦਾ ਸ਼ੌਂਕ ਪੂਰਾ ਕੀਤਾ ਹੈ। 15 ਹਜ਼ਾਰ ਫੁੱਟ ਤੋਂ ਸਕਾਈ ਡਾਈਵਿੰਗ ਕਰ ਕੇ ਉਹ ਅਜਿਹਾ ਕਰਨ ਵਾਲਾ ਭਾਰਤ ਦਾ ਸਭ ਤੋਂ ਉਮਰਦਰਾਜ ਜੋੜਾ ਬਣ ਗਿਆ ਹੈ। ਇਸ ਦੇ ਨਾਲ ਹੀ, ਉਹ ਅਜਿਹਾ ਕਰਨ ਵਾਲਾ ਪਹਿਲਾ ਡਾਕਟਰ ਜੋੜਾ ਵੀ ਕਿਹਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈੱਗ ਲਾਉਣ ਵਾਲਿਆਂ ਦੇ ਮਤਲਬ ਦੀ ਖ਼ਬਰ, ਸਾਹਮਣੇ ਆਈ ਨਵੇਂ ਰੇਟਾਂ ਦੀ ਸੂਚੀ (ਵੀਡੀਓ)
ਜਲੰਧਰ ਦੇ ਡਾ. ਬਲਬੀਰ ਸਿੰਘ ਭੌਰਾ ਅਤੇ ਉਨ੍ਹਾਂ ਦੀ ਪਤਨੀ ਡਾ. ਪੁਸ਼ਪਿੰਦਰ ਕੌਰ ਨੇ 15 ਹਜ਼ਾਰ ਫੁੱਟ ਤੋਂ ਸਕਾਈਡਾਈਵਿੰਗ ਕਰ ਕੇ ਇਹ ਨਾਮਣਾ ਖੱਟਿਆ ਹੈ। ਡਾ. ਬਲਬੀਰ ਸਿੰਘ ਭੌਰਾ ਦੀ ਉਮਰ ਇਸ ਵੇਲੇ 73 ਸਾਲ ਅਤੇ ਡਾ. ਪੁਸ਼ਪਿੰਦਰ ਕੌਰ ਦੀ ਉਮਰ 65 ਸਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ, ਇਸ ਲਈ ਉਹ ਜ਼ਿੰਦਗੀ ਵਿਚ ਆਪਣੀ ਹਰ ਰੀਝ ਪੂਰੀ ਕਰਨੀ ਚਾਹੁੰਦੇ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਭੌਰਾ ਨੇ ਦੱਸਿਆ ਕਿ ਉਹ ਜਦ ਪਰਿੰਦਿਆਂ ਨੂੰ ਵੇਖਦੇ ਸਨ ਤਾਂ ਉਨ੍ਹਾਂ ਦਾ ਦਿਲ ਕਰਦਾ ਸੀ ਕਿ ਉਹ ਆਸਮਾਨ ਤੋਂ ਦੁਨੀਆ ਨੂੰ ਵੇਖਣ। ਇਸ ਰੀਝ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸਕਾਈਡਾਈਵਿੰਗ ਦਾ ਮਨ ਬਣਾ ਲਿਆ ਸੀ। ਕੁੱਝ ਦਿਨ ਪਹਿਲਾਂ ਜਦ ਉਨ੍ਹਾਂ ਦੇ ਦੋਸਤ ਦੇ ਬੱਚੇ ਸਕਾਈਡਾਈਵਿੰਗ ਕਰ ਕੇ ਆਏ ਤਾਂ ਉਨ੍ਹਾਂ ਦੀ ਇਹ ਰੀਝ ਮੁੜ ਸੁਰਜੀਤ ਹੋ ਗਈ। ਉਨ੍ਹਾਂ ਨੇ ਹਰਿਆਣਾ ਦੇ ਨਰਨੌਲ ਫਲਾਇੰਗ ਕਲੱਬ ਨਾਲ ਸੰਪਰਕ ਕੀਤਾ ਅਤੇ ਆਪਣੀ ਪਤਨੀ ਤੇ ਅਸਿਸਟੈਂਟ ਦੇ ਨਾਲ ਸਕਾਈਡਾਈਵਿੰਗ ਕਰਨ ਪਹੁੰਚ ਗਏ। ਸਭ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ, ਫ਼ਿਰ ਅਸੀਸਟੈਂਟ ਤੇ ਅਖ਼ੀਰ ਵਿਚ ਉਨ੍ਹਾਂ ਨੇ ਸਕਾਈਡਾਈਵਿੰਗ ਕੀਤੀ। ਜਦ ਉਹ ਹੇਠਾਂ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਅਜਿਹਾ ਕਰਨ ਵਾਲਾ ਭਾਰਤ ਦੇ ਸਭ ਤੋਂ ਉਮਰਦਰਾਜ ਜੋੜਾ ਬਣ ਗਏ ਹਨ। ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ 15 ਹਜ਼ਾਰ ਫੁੱਟ ਤੋਂ ਸਕਾਈ ਡਾਈਵ ਕੀਤੀ ਸੀ, 5 ਹਜ਼ਾਰ ਫੁੱਟ ਤਕ ਤਾਂ ਇਨਸਾਨ ਸਿੱਧਾ ਜਾਂਦਾ ਹੈ। ਉਸ ਤੋਂ ਬਾਅਦ ਪੈਰਾਸ਼ੂਟ ਖੁੱਲ੍ਹ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਭ ਕੁੱਝ ਸੁਖਾਲਾ ਨਜ਼ਰ ਆਉਣ ਲਗਦਾ ਹੈ।
ਡਾ. ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਜਦ ਉਨ੍ਹਾਂ ਦੇ ਪਤੀ ਨੇ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੇ ਪਤੀ ਨੇ ਕਿਹਾ ਸੀ ਕੀ ਪਹਿਲਾਂ ਉਹ ਜੰਪ ਕਰਨਗੇ ਤੇ ਫਿਰ ਜੇ ਤੁਹਾਡਾ ਡਰ ਨਿਕਲ ਗਿਆ ਤਾਂ ਤੁਸੀਂ ਵੀ ਜੰਪ ਕਰ ਲੈਣਾ। ਇਸ 'ਤੇ ਉਹ ਰਾਜ਼ੀ ਹੋ ਗਏ ਪਰ ਉੱਥੇ ਜਾ ਕੇ ਜਦ ਉਨ੍ਹਾਂ ਨੇ ਤਿੰਨਾਂ ਦਾ ਭਾਰ ਤੋਲਿਆ ਤਾਂ ਕਿਹਾ ਕਿ ਪਹਿਲਾਂ ਡਾ. ਪੁਸ਼ਪਿੰਦਰ ਕੌਰ ਦਾ ਭਾਰ ਸੱਭ ਤੋਂ ਘੱਟ ਸੀ, ਇਸ ਲਈ ਪਹਿਲਾਂ ਉਨ੍ਹਾਂ ਨੂੰ ਜੰਪ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮਨ ਬਣਾਉਣ ਤੋਂ ਪਹਿਲਾਂ ਜ਼ਰੂਰ ਡਰ ਲੱਗ ਰਿਹਾ ਸੀ ਪਰ ਜਦ ਇਕ ਵਾਰ ਸਕਾਈਡਾਈਵਿੰਗ ਦਾ ਮਨ ਬਣਾ ਲਿਆ ਤਾਂ ਫ਼ਿਰ ਡਰ ਵੀ ਨਿਕਲ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਘੇਰੀ 'ਆਪ' ਸਰਕਾਰ, ਕਹੀਆਂ ਇਹ ਗੱਲਾਂ
NEXT STORY