ਮੋਗਾ (ਆਜ਼ਾਦ) : ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬੱਧਨੀ ਕਲਾਂ ਪੁਲਸ ਨੇ ਬਜ਼ੁਰਗ ਔਰਤ ਦਾ ਕਤਲ ਦੇ ਮਾਮਲੇ ਵਿਚ ਕਥਿਤ ਮੁਲਜ਼ਮ ਨੂੰ ਕਾਬੂ ਕਰਕੇ ਅੰਨ੍ਹੇ ਕਤਲ ਦਾ ਸੁਰਾਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਬੀਤੀ 10 ਫਰਵਰੀ ਦੀ ਰਾਤ ਨੂੰ ਦੌਧਰ ਸ਼ਰਕੀ ਨਿਵਾਸੀ ਗੁਰਮੇਲ ਕੌਰ ਦੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹੱਤਿਆ ਕਰਕੇ ਉਸ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲ੍ਹੀਆਂ ਅਤੇ ਨੱਕ ਦਾ ਕੋਕਾ ਚੋਰੀ ਲਾਹ ਲੈ ਗਿਆ ਸੀ। ਇਸ ਸਬੰਧ ਵਿਚ ਮ੍ਰਿਤਕ ਦੇ ਜਵਾਈ ਬਲਦੇਵ ਸਿੰਘ ਨਿਵਾਸੀ ਪਿੰਡ ਡੱਲਾ ਜਗਰਾਉਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਐੱਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਦੇ ਨਿਰਦੇਸ਼ਾਂ ’ਤੇ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਵੱਲੋਂ ਬਜ਼ੁਰਗ ਔਰਤ ਦੀ ਹੱਤਿਆ ਮਾਮਲੇ ਦੀ ਜਾਂਚ ਅਤੇ ਕਥਿਤ ਮੁਲਜ਼ਮ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਤਰੀਕੇ ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ, ਜਿਸ ’ਤੇ ਪੁਲਸ ਨੇ ਜਾਂਚ ਦੌਰਾਨ ਬਜ਼ੁਰਗ ਔਰਤ ਗੁਰਮੇਲ ਕੌਰ ਦੀ ਹੱਤਿਆ ਮਾਮਲੇ ਵਿਚ ਮਨਪ੍ਰੀਤ ਸਿੰਘ ਉਰਫ ਬਿੱਟੂ ਨਿਵਾਸੀ ਦੌਧਰ ਸ਼ਰਕੀ ਨੂੰ ਉਕਤ ਮਾਮਲੇ ਵਿਚ ਨਾਮਜ਼ਦ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਹ ਚੋਰੀ ਕਰਨ ਦੀ ਨੀਅਤ ਨਾਲ ਗੁਰਮੇਲ ਕੌਰ ਦੇ ਘਰ ਦਾਖਲ ਹੋਇਆ ਸੀ ਪਰ ਉਸਦੀ ਪਛਾਣ ਹੋਣ ਅਤੇ ਗੁਰਮੇਲ ਕੌਰ ਵੱਲੋਂ ਰੌਲਾ ਪਾਉਣ ਕਾਰਣ ਉਸ ਨੇ ਨੱਕ ਅਤੇ ਮੂੰਹ ਬੰਦ ਕਰ ਕੇ ਗਲਾ ਦਬਾ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ।
ਇਸ ਉਪਰੰਤ ਉਹ ਉਸ ਦੇ ਕੰਨ੍ਹਾਂ ਦੀਆਂ ਵਾਲ੍ਹੀਆਂ ਅਤੇ ਕੋਕਾ ਚੋਰੀ ਲਾਹ ਕੇ ਲੈ ਗਿਆ। ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਜਗਰਾਉਂ ਵਿਚ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਬਿੱਟੂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਸ ਕੋਲੋਂ ਚੋਰੀ ਕੀਤੀਆਂ ਗਈਆਂ ਸੋਨੇ ਦੀਆਂ ਵਾਲ੍ਹੀਆਂ ਬਰਾਮਦ ਕਰ ਲਈਆਂ ਗਈਆਂ ਹਨ।
Punjab 'ਚ ਪੇਪਰਾਂ ਤੋਂ ਪਹਿਲਾਂ ਜਾਰੀ ਹੋਏ ਸਖ਼ਤ ਹੁਕਮ, ਲੱਗ ਗਈਆਂ ਪਾਬੰਦੀਆਂ
NEXT STORY