ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਅੱਜ ਦੁਪਹਿਰ ਸਮੇਂ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ 'ਤੇ ਜਾ ਰਹੀ ਇਕ ਬਜ਼ੁਰਗ ਮਹਿਲਾ ਨੂੰ ਚੱਕਰ ਆ ਗਏ ਅਤੇ ਉਸ ਦੀ ਸੜਕ 'ਤੇ ਡਿੱਗਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਚੌਕੀ ਸ੍ਰੀ ਆਨੰਦਪੁਰ ਸਾਹਿਬ ਦੇ ਮੁਨਸ਼ੀ ਦਲਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ (65) ਪਤਨੀ ਮੋਹਣ ਸਿੰਘ ਵਾਸੀ ਪਿੰਡ ਚੰਦਪੁਰ ਬੇਲਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੁਪਹਿਰ ਕਰੀਬ ਇਕ ਵਜੇ ਆਪਣੇ ਭਤੀਜੇ ਦਲਜੀਤ ਸਿੰਘ ਨਾਲ ਉਸ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਕੁਝ ਸਾਮਾਨ ਖਰੀਦਣ ਲਈ ਆ ਰਹੀ ਸੀ ਕਿ ਜਦੋਂ ਉਹ ਪਿੰਡ ਮਟੋਰ ਦੇ ਟੀ-ਪੁਆਇੰਟ ਨਜ਼ਦੀਕ ਪੁੱਜੇ ਤਾਂ ਮੋਟਰਸਾਈਕਲ ਪਿੱਛੇ ਬੈਠੀ ਕੁਲਦੀਪ ਕੌਰ ਨੂੰ ਚੱਕਰ ਆ ਗਿਆ ਤੇ ਉਹ ਮੋਟਰਸਾਈਕਲ ਤੋਂ ਹੇਠਾਂ ਸੜਕ 'ਤੇ ਡਿੱਗ ਪਈ। ਇਸ ਦੌਰਾਨ ਉਸ ਦੇ ਸਿਰ ਵਿਚ ਸੱਟ ਲੱਗੀ। ਮੋਟਰਸਾਈਕਲ ਸਵਾਰ ਅਤੇ ਪਿੱਛੇ ਆ ਰਹੇ ਉਸ ਦੇ ਰਿਸ਼ਤੇਦਾਰਾਂ ਨੇ ਜ਼ਖਮੀ ਕੁਲਦੀਪ ਕੌਰ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਮੇਜਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ।
ਬਾਜ਼ਾਰ 'ਚੋਂ ਨਾਜਾਇਜ਼ ਕਬਜ਼ੇ ਹਟਾਉਣ 'ਚ ਕੌਂਸਲ ਫੇਲ
NEXT STORY