ਜਲੰਧਰ (ਜ. ਬ.)-ਜਲੰਧਰ ਦੇ ਬੀ. ਐੱਸ. ਐੱਫ਼. ਚੌਕ ’ਚ ਸਥਿਤ ਬੀ. ਐੱਸ. ਐੱਫ਼. ਹੈੱਡਕੁਆਰਟਰ ਦੇ ਬਾਹਰ ਹੋਇਆ ਬਲਾਸਟ ਆਈ. ਈ. ਡੀ. ਨਾਲ ਕੀਤਾ ਗਿਆ ਸੀ। ਹਾਲਾਂਕਿ ਆਈ. ਈ. ਡੀ. ਦੀ ਮਾਤਰਾ ਘੱਟ ਸੀ, ਜਿਸ ਕਾਰਨ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੁੱਧਵਾਰ ਨੂੰ ਡੀ. ਜੀ. ਪੀ. ਗੌਰਵ ਯਾਦਵ ਬੀ. ਐੱਸ. ਐੱਫ਼. ਦੇ ਹੈੱਡਕੁਆਰਟਰ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਹਿਜ਼ ਅੱਧੇ ਘੰਟੇ ਬਾਅਦ ਹੀ ਬਿਨਾਂ ਪ੍ਰੈੱਸ ਕਾਨਫ਼ਰੰਸ ਕੀਤੇ ਚਲੇ ਗਏ। ਹਾਲਾਂਕਿ ਡੀ. ਜੀ. ਪੀ. ਨੇ ਅੰਮ੍ਰਿਤਸਰ ’ਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਜਲੰਧਰ ’ਚ ਹੋਇਆ ਧਮਾਕਾ ਰਿਮੋਟ ਜਾਂ ਟਾਈਮਰ ਦੀ ਮਦਦ ਨਾਲ ਕੀਤਾ ਹੋ ਸਕਦਾ ਹੈ। ਉਥੇ ਹੀ ਇਸ ਧਮਾਕੇ ਬਾਰੇ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ ਅਪਡੇਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ Alert
ਡੀ. ਜੀ. ਪੀ. ਦੇ ਜਾਣ ਤੋਂ ਬਾਅਦ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੀਡੀਆ ਨਾਲ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸੀ. ਪੀ. ਨੇ ਕਿਹਾ ਕਿ ਧਮਾਕਾ ਕਰਨ ਲਈ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮਾਂ ਨੂੰ ਕਰੀਬ 4 ਵੱਡੀਆਂ ਲੀਡਾਂ ਮਿਲੀਆਂ ਹਨ, ਜਿਨ੍ਹਾਂ ’ਤੇ ਪੁਲਸ ਟੀਮਾਂ ਕੰਮ ਕਰ ਰਹੀਆਂ ਹਨ ਪਰ ਮਲਟੀਪਲ ਸੋਰਸਿਜ਼ ਰਾਹੀਂ ਧਮਾਕਾਖੇਜ਼ ਸਮੱਗਰੀ ਦਾ ਪੈਕੇਟ ਸੁੱਟਣ ਵਾਲੇ ਵਿਅਕਤੀ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ। ਬੁੱਧਵਾਰ ਸਵੇਰੇ ਪੁਲਸ ਦੀ ਇਕ ਟੀਮ ਮਿਲਾਪ ਚੌਕ ਪਹੁੰਚੀ। ਪੁਲਸ ਸੀ. ਸੀ. ਟੀ. ਵੀ. ਕੈਮਰੇ ਖੰਗਾਲਦੇ ਹੋਏ ਮਿਲਾਪ ਚੌਕ ਪਹੁੰਚੀ ਸੀ, ਜਿੱਥੇ ਪੁਲਸ ਨੇ ਸੈਦਾਂ ਗੇਟ ਵੱਲੋਂ ਪੈਦਲ ਆ ਰਹੇ ਨੌਜਵਾਨ ਦੀਆਂ ਤਸਵੀਰਾਂ ਕੈਪਚਰ ਕੀਤੀਆਂ ਹਨ।
ਸ਼ੱਕ ਹੈ ਕਿ ਉਹੀ ਨੌਜਵਾਨ ਤੰਗ ਬਾਜ਼ਾਰਾਂ ’ਚੋਂ ਨਿਕਲ ਕੇ ਆਟੋ ਜਾਂ ਫਿਰ ਕਿਸੇ ਦੇ ਨਾਲ ਬਾਈਕ ’ਤੇ ਬੈਠ ਕੇ ਬੀ. ਐੱਸ. ਐੱਫ਼. ਚੌਕ ਪਹੁੰਚਿਆ ਅਤੇ ਬੀ. ਐੱਸ. ਐੱਫ਼. ਚੌਕ ਪਾਰ ਕਰਕੇ ਵਾਪਸ ਚੌਕ ਘੁੰਮ ਕੇ ਹੈੱਡਕੁਆਰਟਰ ਦੇ ਬਾਹਰ ਪਹੁੰਚਿਆ ਅਤੇ ਧਮਾਕਾ ਕਰਕੇ ਵਾਪਸ ਪੈਦਲ ਹੀ ਬੱਸ ਸਟੈਂਡ ਵੱਲ ਭੱਜ ਕੇ ਫਿਰ ਪੀ. ਏ. ਪੀ. ਵੱਲ ਭੱਜ ਗਿਆ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ ਜਾਇਜ਼ਾ! ਪੁਲਸ ਕਮਿਸ਼ਨਰ ਨੇ ਦਿੱਤੀ ਵੱਡੀ ਅਪਡੇਟ
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਘਟਨਾ ਸਥਾਨ ਤੋਂ ਕਈ ਗੱਡੀਆਂ ਦੇ ਨੰਬਰ ਅਤੇ ਮੋਬਾਇਲ ਡੰਪ ਡਾਟਾ ਚੁੱਕੇ ਗਏ ਹਨ। ਜਲੰਧਰ ਪੁਲਸ ਦੀਆਂ ਵੱਖ-ਵੱਖ ਟੀਮਾਂ ਕਈ ਅਹਿਮ ਇਨਪੁਟਸ ’ਤੇ ਕੰਮ ਕਰ ਰਹੀਆਂ ਹਨ ਅਤੇ ਜਲਦ ਹੀ ਆਈ. ਈ. ਡੀ. ਦਾ ਪੈਕੇਟ ਸੁੱਟਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ’ਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਸਵੇਰੇ ਸੀ. ਐੱਫ਼. ਐੱਸ. ਐੱਲ. ਨੇ ਸਬੂਤ ਇਕੱਠੇ ਕੀਤੇ ਤਾਂ ਦੁਪਹਿਰ ਨੂੰ ਐੱਨ. ਆਈ. ਏ. ਨੇ ਜਾਂਚ ਕੀਤੀ ਸ਼ੁਰੂ
ਦੂਜੇ ਪਾਸੇ ਇਸ ਕੇਸ ਦੀ ਜਾਂਚ ਲਈ ਬੁੱਧਵਾਰ ਸਵੇਰੇ ਸੀ. ਐੱਫ਼. ਐੱਸ. ਐੱਲ. (ਸੈਂਟਰਲ ਫੋਰੈਂਸਿਕ ਟੀਮ) ਦੀ ਟੀਮ ਬੀ. ਐੱਸ. ਐੱਫ਼. ਹੈੱਡਕੁਆਰਟਰ ਦੇ ਬਾਹਰ ਪਹੁੰਚੀ। ਸੀ. ਐੱਫ਼. ਐੱਸ. ਐੱਲ. ਨੇ ਵੀ ਅਹਿਮ ਸਬੂਤ ਜੁਟਾਏ ਹਨ ਅਤੇ ਫਿਰ ਦੁਪਹਿਰ ਵੇਲੇ ਬਲਾਸਟ ਮਾਮਲੇ ’ਚ ਐੱਨ. ਆਈ. ਏ. ਦੀ ਵੀ ਐਂਟਰੀ ਹੋ ਗਈ। ਪੁਲਸ ਦੇ ਨਾਲ-ਨਾਲ ਬੀ. ਐੱਸ. ਐੱਫ਼. ਦੇ ਉੱਚ ਅਧਿਕਾਰੀ ਵੀ ਇਸ ਕੇਸ ’ਤੇ ਨਜ਼ਰ ਬਣਾਈ ਬੈਠੇ ਹਨ।

ਇਹ ਵੀ ਪੜ੍ਹੋ: Punjab: ਮਜ਼ਦੂਰ ਦੀ ਕਿਸਮਤ ਨੇ ਮਾਰ 'ਤੀ ਪਲਟੀ! ਬਣਿਆ ਲੱਖਪਤੀ, ਜਿੱਤਿਆ 5 ਲੱਖ ਰੁਪਏ ਦਾ ਇਨਾਮ
ਆਪ੍ਰੇਸ਼ਨ ਸਿੰਧੂਰ ਦੀ ਐਨੀਵਰਸਰੀ ’ਤੇ ਮਾਹੌਲ ਖ਼ਰਾਬ ਕਰ ਰਿਹਾ ਪਾਕਿਸਤਾਨ
ਪੰਜਾਬ ’ਚ ਪਿਛਲੇ 10 ਦਿਨਾਂ ’ਚ 3 ਧਮਾਕੇ ਹੋ ਚੁੱਕੇ ਹਨ। ਪਹਿਲਾ ਧਮਾਕਾ 27 ਅਪ੍ਰੈਲ ਨੂੰ ਰਾਜਪੁਰਾ ’ਚ ਹੋਇਆ ਸੀ, ਜਿੱਥੇ ਅੱਤਵਾਦੀਆਂ ਨੇ ਰੇਲਵੇ ਟ੍ਰੈਕ ਨੂੰ ਬੰਬ ਨਾਲ ਉਡਾ ਦਿੱਤਾ ਸੀ। ਇਸ ਤੋਂ ਬਾਅਦ 5 ਮਈ ਦੀ ਰਾਤ 8 ਵਜੇ ਬੀ. ਐੱਸ. ਐੱਫ਼. ਹੈੱਡਕੁਆਰਟਰ ਅਤੇ 5 ਮਈ ਦੀ ਹੀ ਦੇਰ ਰਾਤ ਅੰਮ੍ਰਿਤਸਰ ’ਚ ਆਰਮੀ ਕੈਂਪ ਦੇ ਬਾਹਰ ਹੈਂਡ ਗ੍ਰਨੇਡ ਨਾਲ ਧਮਾਕਾ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਆਈ. ਐੱਸ. ਆਈ. ਆਪ੍ਰੇਸ਼ਨ ਸਿੰਧੂਰ ਦੀ ਐਨੀਵਰਸਰੀ ’ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ।
ਕੇਂਦਰੀ ਅਤੇ ਪੰਜਾਬ ਦੀਆਂ ਜਾਂਚ ਏਜੰਸੀਆਂ ਨੇ ਜਲੰਧਰ ’ਚ ਡੇਰਾ ਲਾਇਆ
ਇਸ ਮਾਮਲੇ ਦੀ ਤਫ਼ਤੀਸ਼ ਲਈ ਪੰਜਾਬ ਦੇ ਨਾਲ-ਨਾਲ ਕੇਂਦਰੀ ਜਾਂਚ ਏਜੰਸੀਆਂ ਦੀਆਂ ਟੀਮਾਂ ਨੇ ਜਲੰਧਰ ’ਚ ਡੇਰਾ ਲਾਇਆ ਹੋਇਆ ਹੈ। ਕਮਿਸ਼ਨਰੇਟ ਪੁਲਸ ਦੇ ਨਾਲ-ਨਾਲ ਡੀ. ਜੀ. ਪੀ. ਨੇ ਆਪਣੀਆਂ ਸਪੈਸ਼ਲ ਟੀਮਾਂ ਵੀ ਜਾਂਚ ਲਈ ਫੀਲਡ ’ਚ ਉਤਾਰੀਆਂ ਹੋਈਆਂ ਹਨ। ਧਮਾਕੇ ਦੌਰਾਨ ਜਿਸ-ਜਿਸ ਵਿਅਕਤੀ ਦਾ ਮੋਬਾਇਲ ਨੰਬਰ ਘਟਨਾ ਸਥਾਨ ’ਤੇ ਐਕਟਿਵ ਸੀ, ਉਨ੍ਹਾਂ ਦੀ ਇਕ-ਇਕ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ ’ਚ ਵੀ ਲਿਆ ਹੋਇਆ ਹੈ, ਜਿਨ੍ਹਾਂ ’ਚੋਂ ਕੁਝ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਪਰ ਬਾਕੀਆਂ ਤੋਂ ਪੁੱਛਗਿੱਛ ਜਾਰੀ ਹੈ। ਇਸ ਤੋਂ ਇਲਾਵਾ ਬਲਾਸਟ ਤੋਂ ਪਹਿਲਾਂ ਬੀ. ਐੱਸ. ਐੱਫ਼. ਚੌਕ ’ਤੇ ਸ਼ੱਕੀ ਹਾਲਤ ’ਚ ਘੁੰਮ ਰਹੇ ਲੋਕਾਂ ’ਤੇ ਵੀ ਪੁਲਸ ਦੀ ਨਜ਼ਰ ਹੈ।
ਇਹ ਵੀ ਪੜ੍ਹੋ: ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ ਪਿੱਛੇ ISI ਦਾ ਹੱਥ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਪੈਨਸ਼ਨਧਾਰਕਾਂ ਲਈ ਵੱਡੀ ਖ਼ਬਰ, ਹੁਣ ਖੜ੍ਹੀ ਹੋਈ ਇਕ ਹੋਰ ਮੁਸੀਬਤ
NEXT STORY