ਚੰਡੀਗੜ੍ਹ (ਸ਼ਰਮਾ)— ਈ. ਐੱਸ. ਆਈ. (ਕਰਮਚਾਰੀ ਸਮਾਜਿਕ ਇੰਸ਼ੋਰੈਂਸ) ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਮਜਬੂਤ ਕਰਨ ਦੀ ਕੋਸ਼ਿਸ਼ ਤਹਿਤ ਸੂਬੇ ਦੇ ਸਾਰੇ ਈ.ਐੱਸ.ਆਈ. ਹਸਪਤਾਲਾਂ 'ਚ ਰਜਿਸਟਰਡ ਮਜ਼ਦੂਰਾਂ ਅਤੇ ਹੋਰ ਨਿਰਮਾਣ ਕਾਰਜਾਂ ਵਾਲੇ ਕਾਮਿਆਂ ਨੂੰ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਦਿੱਤੀ ਜਾਵੇਗੀ। ਇਹ ਜਾਣਕਾਰੀ ਅੱਜ ਸਿਹਤ ਤੇ ਕਿਰਤ ਮੰਤਰੀ ਬਲਬੀਰ ਸਿੱਧੂ ਨੇ ਈ. ਐੱਸ. ਆਈ. ਹਸਪਤਾਲਾਂ ਦੀ ਰੀਵਿਊ ਮੀਟਿੰਗ ਦੌਰਾਨ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਿਕ ਹੁਣ ਸੂਬੇ ਦੇ ਸਾਰੇ ਈ. ਐੱਸ. ਆਈ. ਹਸਪਤਾਲਾਂ ਵਿਚ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਨੇ ਡਾਇਰੈਕਟਰ ਸੋਸ਼ਲ ਇੰਸ਼ੋਰੈਂਸ, ਡਾ. ਜਸਪਾਲ ਸਿੰਘ ਬਸੀ ਨੂੰ ਵਿਭਾਗ 'ਚ ਸਾਰੀਆਂ ਖਾਲੀ ਪਈਆਂ ਅਸਾਮੀਆਂ ਦਾ ਜਾਇਜ਼ਾ ਲੈਣ ਲਈ ਕਿਹਾ ਅਤੇ ਚੌਥੇ ਦਰਜੇ ਤੋਂ ਮੈਡੀਕਲ ਸੁਪਰਡੈਂਟ ਤਕ ਦੀ ਖਾਲੀ ਅਸਾਮੀ ਲਈ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੈਬਨਿਟ ਮੀਟਿੰਗ 'ਚ ਅਗਲੇਰੀ ਪ੍ਰਵਾਨਗੀ ਲਈ ਜਲਦ ਭੇਜਿਆ ਜਾਵੇਗਾ।
ਉਨ੍ਹਾਂ ਈ. ਐੱਸ. ਆਈ. ਦੇ ਅਧਿਕਾਰੀਆਂ ਨੂੰ 30 ਜੂਨ ਤੋਂ ਪਹਿਲਾਂ ਸਾਰੇ ਲੋੜੀਂਦੇਂ ਟੈਸਟਾਂ ਲਈ ਇਕੋਂ ਛੱਤ ਥੱਲੇ ਲੋੜੀਂਦੀਂ ਸਿਹਤ ਸਮੱਗਰੀ ਅਤੇ ਮਸ਼ੀਨਰੀ ਦੀ ਖਰੀਦ ਪ੍ਰੀਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਹਦਾਇਤ ਵੀ ਕੀਤੀ। ਬਲਬੀਰ ਸਿੱਧੂ ਨੇ ਈ. ਐੱਸ. ਆਈ. ਹਸਪਤਾਲਾਂ ਵਿਚ ਓ. ਪੀ. ਡੀ., ਲੈਬ ਟੈਸਟਾਂ ਅਤੇ ਜਣੇਪਿਆਂ ਸਬੰਧੀ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਸੁਪਰਡੈਂਟਾਂ ਨੂੰ ਇਨ੍ਹਾਂ ਸੇਵਾਵਾਂ ਵਿਚ ਨਿਰਧਾਰਤ ਮਾਪਦੰਡਾਂ ਅਨੁਸਾਰ ਹੋਰ ਸੁਧਾਰ ਲਿਆਉਣ ਲਈ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਟੀ. ਬੀ. ਦੇ ਜੜ੍ਹੋਂ ਖਾਤਮੇ ਲਈ ਸਾਨੂੰ ਸਾਰੇ ਲੋੜੀਂਦੇਂ ਟੈਸਟ ਅਤੇ ਇਲਾਜ ਸੇਵਾਵਾਂ ਈ. ਐੱਸ. ਆਈ. ਹਸਪਤਾਲਾਂ ਵਿਚ ਮੁਹੱਈਆ ਕਰਵਾਉਣ ਦੀ ਲੋੜ ਹੈ ਜਿਸ ਲਈ ਟੀ. ਬੀ. ਦਾ ਟੈਸਟ ਕਰਨ ਲਈ ਲੈਬ ਟੈਕਨੀਸ਼ਨਾਂ ਦੇ ਨਾਲ ਡੈਸੀਗਨੇਟਿਡ ਮਾਈਕਰੋਸਕੋਪਿਕ ਕੇਂਦਰ ਸਥਾਪਿਤ ਕੀਤੇ ਜਾਣਗੇ।
ਮੈਡੀਕਲ ਬਿੱਲਾਂ ਦੀ ਭਰਪਾਈ (ਰੀਇੰਬਰਸਮੈਂਟ) ਸਬੰਧੀ ਬੋਲਦਿਆਂ ਸਿਹਤ ਮੰਤਰੀ ਨੇ ਬੀਮਾ ਧਾਰਕ ਕਾਮਿਆਂ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਮੈਡੀਕਲ ਬਿਲਾਂ ਦੀ ਭਰਪਾਈ ਪ੍ਰਕਿਰਿਆ ਵਿਚ ਤੇਜੀ ਲਿਆਉਣ ਕੇ ਨਿਸ਼ਚਿਤ ਸਮੇਂ ਵਿਚ ਨਿਪਟਾਉਣ ਲਈ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਜਾਰੀ ਕੀਤੀਆਂ ਹਦਾਇਤਾਂ ਤਹਿਤ ਕੀਤੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਉਹ ਸੂਬੇ ਦੇ ਸਾਰੇ ਈ. ਐੱਸ. ਆਈ. ਹਸਪਤਾਲਾਂ ਦਾ ਦੌਰਾ ਕਰਨਗੇ ਅਤੇ ਆਪਣੀ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਸਿਹਤ ਵਿਭਾਗ, ਸਤੀਸ਼ ਚੰਦਰਾ, ਮਿਸ਼ਨ ਡਾਇਰੈਟਰ ਐੱਨ. ਐੱਚ. ਐੱਮ., ਅਮਿਤ ਕੁਮਾਰ, ਡਾਇਰੈਕਟਰ ਹੈਲਥ ਸੇਵਾਵਾਂ, ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਅਵਨੀਤ ਕੌਰ, ਡਾਇਰੈਕਟਰ ਈ. ਐੱਸ. ਆਈ., ਡਾ. ਜਸਪਾਲ ਸਿੰਘ ਬਸੀ, ਖੇਤਰੀ ਡਾਇਰੈਕਟਰ ਈ. ਐੱਸ. ਆਈ. ਸੀ. ਸੁਨੀਲ ਤਨੇਜਾ, ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਬਲਬੀਰ ਸਿੰਘ, ਸਾਰੇ ਮੈਡੀਕਲ ਸੁਪਰਡੈਂਟ ਅਤੇ ਸੂਬੇ ਦੀਆਂ ਈ. ਐੱਸ. ਆਈ. ਸੰਸਥਾਵਾਂ ਦੇ ਜ਼ੋਨਲ ਇੰਚਾਰਜ ਹਾਜ਼ਰ ਸਨ।
ਮਹਿੰਗੇ ਸੀਮੈਂਟ-ਬੱਜਰੀ ਕਾਰਨ ਆਮ ਲੋਕਾਂ ਲਈ ਘਰ ਬਣਾਉਣਾ ਹੋਇਆ ਔਖਾ : ਹਰਪਾਲ ਚੀਮਾ
NEXT STORY