ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨਿਰਮਾਣ ਸਮੱਗਰੀ ਦੀਆਂ ਸੱਤਵੇਂ ਅਸਮਾਨ 'ਤੇ ਚੜ੍ਹੀਆਂ ਕੀਮਤਾਂ ਨੂੰ ਲੈ ਕੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਕੋਸਿਆ ਹੈ। ਚੀਮਾ ਨੇ ਕਿਹਾ ਕਿ ਗ਼ਰੀਬਾਂ, ਦਲਿਤਾਂ-ਦਿਹਾੜੀਦਾਰਾਂ ਅਤੇ ਆਮ ਪਰਿਵਾਰਾਂ ਲਈ ਘਰ ਜਾਂ ਹੋਰ ਛੋਟੇ-ਮੋਟੇ ਨਿਰਮਾਣ ਕਾਰਜ ਕਰਨੇ ਵੱਸ ਤੋਂ ਬਾਹਰ ਹੋ ਗਏ ਹਨ ਪਰ ਸਰਕਾਰਾਂ ਦਾ ਆਮ ਲੋਕਾਂ ਵੱਲ ਕੋਈ ਧਿਆਨ ਨਹੀਂ।
ਪਾਰਟੀ ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਚੀਮਾ ਨੇ ਕਿਹਾ ਕਿ ਹਰ ਮਹੀਨੇ ਨਿਰਮਾਣ ਸਮੱਗਰੀ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ। ਪਿਛਲੇ ਢਾਈ-ਤਿੰਨ ਮਹੀਨਿਆਂ ਦੌਰਾਨ ਸੀਮੈਂਟ ਦੀ ਬੋਰੀ ਦੇ ਭਾਅ 'ਚ 60 ਤੋਂ ਲੈ ਕੇ 80 ਰੁਪਏ ਤੱਕ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਪ੍ਰਤੀ ਹਜ਼ਾਰ ਇੱਟ ਦਾ ਰੇਟ 5500 ਰੁਪਏ ਤੋਂ ਪਾਰ ਲੰਘ ਗਿਆ ਹੈ। ਮਾਫ਼ੀਆ ਕਾਰਨ ਰੇਤਾ-ਬੱਜਰੀ ਹੱਦੋਂ ਵੱਧ ਮਹਿੰਗੀ ਕਰ ਦਿੱਤੀ ਹੈ। ਇਹੋ ਹਾਲ ਸਰੀਏ ਅਤੇ ਲੱਕੜ ਦਾ ਹੈ। ਅਜਿਹੇ ਹਾਲਾਤ 'ਚ ਆਮ ਬੰਦਾ ਤਾਂ ਦੂਰ, ਰੱਜੇ-ਪੁੱਜੇ ਪਰਿਵਾਰ ਲਈ ਵੀ ਘਰ ਬਣਾਉਣਾ ਮੁਸ਼ਕਲ ਹੋ ਗਿਆ ਹੈ।
ਚੀਮਾ ਨੇ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰਾਂ ਆਮ ਲੋਕਾਂ ਦੀ ਕੀਮਤ 'ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਨਿਰਮਾਣ-ਸਮੱਗਰੀ ਦੀਆਂ ਕੀਮਤਾਂ ਨੂੰ ਪਹਿਲਾਂ ਆਪਣੇ ਪੱਧਰ 'ਤੇ ਕਾਬੂ ਕਰੇ, ਰੇਤ-ਮਾਫ਼ੀਆ ਦੀਆਂ ਗੁੰਡਾ ਪਰਚੀਆਂ ਬੰਦ ਕਰੇ ਅਤੇ ਫਿਰ ਕੇਂਦਰ ਸਰਕਾਰ 'ਤੇ ਨਿਰਮਾਣ ਸਮੱਗਰੀ ਦੀਆਂ ਜ਼ਰੂਰੀ ਵਸਤਾਂ 'ਤੇ ਟੈਕਸ/ਜੀ.ਐੱਸ.ਟੀ. ਦੀਆਂ ਦਰਾਂ ਘੱਟ ਕਰਾਉਣ ਲਈ ਦਬਾਅ ਬਣਾਵੇ।
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਮਿਲੇ
NEXT STORY