ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਦੀ ਮਹੱਤਵਪੂਰਨ ਯੋਜਨਾ 'ਘਰ-ਘਰ ਰੋਜ਼ਗਾਰ' ਮੁਹਿੰਮ ਤਹਿਤ ਸਤੰਬਰ 'ਚ ਹੋਣ ਵਾਲੇ ਰੋਜ਼ਗਾਰ ਮੇਲੇ ਨੂੰ ਸਫਲ ਬਣਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਰੋਜ਼ਗਾਰ ਮੇਲੇ 'ਚ ਜ਼ਿਲ੍ਹੇ ਦੇ 2 ਹਜ਼ਾਰ ਤੋਂ ਵੱਧ ਨੌਜਵਾਨਾਂ ਦੀ ਪਲੇਸਮੈਂਟ ਕਰਵਾਈ ਜਾਵੇਗੀ। ਉਹ ਅੱਜ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਆਨਲਾਈਨ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਰੋਜ਼ਗਾਰ ਮੇਲੇ ਲਈ ਵੱਖ-ਵੱਖ ਖਾਲੀ ਅਸਾਮੀਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਜ਼ਰੂਰਤਮੰਦ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ, ਡਿਪਟੀ ਡਾਇਰੈਕਟਰ ਫੈਕਟਰੀਜ਼ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਦੀਆਂ ਇੰਡਸਟਰੀਆਂ ਨਾਲ ਸੰਪਰਕ ਕਰਨ, ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬੱਧ ਕਰਵਾ ਕੇ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ 'ਘਰ-ਘਰ ਰੋਜ਼ਗਾਰ' ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਉਭਰ ਰਹੇ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਗਰੂਕ ਕਰਨ ਲਈ 24 ਜੁਲਾਈ ਨੂੰ ਕੋਵਿਡ-19 ਦੇ ਬਾਅਦ ਨੌਕਰੀਆਂ ਪ੍ਰਾਪਤ ਕਰਨ ਵਿੱਚ ਚੁਨੌਤੀਆਂ ਅਤੇ ਸੰਭਾਵਨਾਵਾਂ ਦੇ ਵਿਸ਼ੇ 'ਤੇ ਵੈਬਿਨਾਰ ਆਯੋਜਿਤ ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਦਯੋਗ ਅਤੇ ਹੋਰ ਸੰਸਥਾਵਾਂ ਦੀ ਮੰਗ ਅਨੁਸਾਰ ਰੋਜ਼ਗਾਰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਵੈਬਿਨਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵੈਬਿਨਾਰ ਨੂੰ ਮਾਇਲੂਕ੍ਰੋਸਾਫਟ, ਐਂਸਿਸ, ਵਾਲਮਾਰਟ, ਪੈਪਸੀਕੋ, ਡੈਲ, ਐਮਾਜੌਨ, ਬੀ.ਐਂਡ ਡਬਲਯੂ.ਐਸ.ਐਸ.ਸੀ. ਵਰਗੀਆਂ ਨਾਮਵਰ ਕੰਪਨੀਆਂ ਦੇ ਪ੍ਰਸਿੱਧ ਪੈਨਲਿਸਟਾਂ ਦੁਆਰ ਸੰਬੋਧਨ ਕੀਤਾ ਜਾਵੇਗਾ।
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ਼੍ਰੀ ਕਰਮ ਚੰਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਮੇਲੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਨਾਲ ਸੰਪਰਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਵੱਧ ਤੋਂ ਵੱਧ ਨੌਜਵਾਨਾਂ ਦੀ ਪਲੇਸਮੈਂਟ ਕਰਵਾਉਣਾ ਹੈ, ਤਾਂ ਜੋ ਕੋਵਿਡ-19 ਦੇ ਬਾਅਦ ਪੈਦਾ ਹੋਈ ਬੇਰੋਜ਼ਗਾਰੀ ਦੀ ਸਥਿਤੀ ਤੋਂ ਉਭਰਿਆ ਜਾ ਸਕੇ। ਇਸ ਮੌਥੇ ਪਲੇਸਮੈਂਟ ਅਫ਼ਸਰ ਸ਼੍ਰੀ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿੱਤਿਆ ਰਾਣਾ ਵੀ ਹਾਜ਼ਰ ਸਨ।
ਕਪੂਰਥਲਾ ਜ਼ਿਲ੍ਹੇ 'ਚ 5 ਨਵੇਂ ਕੇਸਾਂ ਦੀ ਪੁਸ਼ਟੀ
NEXT STORY