ਤਰਨਤਾਰਨ (ਰਮਨ) - ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਨੱਥੂਪੁਰ ਨਜ਼ਦੀਕ ਜਦੋਂ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਗੈਂਗਸਟਰ ਦੀ ਨਿਸ਼ਾਨਦੇਹੀ ਉਪਰ ਹਥਿਆਰ ਬਰਾਮਦ ਕਰਨ ਗਈ ਤਾਂ ਮੁਲਜ਼ਮ ਨੇ ਮੌਕਾ ਪਾਉਂਦੇ ਹੀ ਉਸੇ ਹਥਿਆਰ ਨਾਲ ਪੁਲਸ ਪਾਰਟੀ ਉਪਰ ਫਾਇਰਿੰਗ ਕਰ ਦਿੱਤੀ ਗਈ। ਪੁਲਸ ਦੀ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ।
ਪੁਲਸ ਨੇ ਇਸ ਦੌਰਾਨ ਮੌਕੇ ਤੋਂ ਆਟੋਮੈਟਿਕ 30 ਬੋਰ ਪੀ.ਐਕਸ-5 ਪਿਸਤੌਲ ਬਰਾਮਦ ਕੀਤਾ ਹੈ। ਮੌਕੇ ’ਤੇ ਪੁੱਜੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਕੈਰੋਂ ਰੇਲਵੇ ਫਾਟਕ ਨਜ਼ਦੀਕ 2 ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਸਬੰਧ ’ਚ ਜੱਗਪ੍ਰੀਤ ਸਿੰਘ ਉਰਫ ਜੱਗਾ ਪੱਤੂ ਨਿਵਾਸੀ ਖੇਮਕਰਨ ਸਮੇਤ ਹੋਰ ਮੁਲਜ਼ਮਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਪੁਲਸ ਅਤੇ ਤਰਨਤਾਰਨ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੁਲਜ਼ਮ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ 5 ਦਿਨਾਂ ਰਿਮਾਂਡ ਹਾਸਲ ਕੀਤਾ ਗਿਆ। ਐੱਸ.ਐੱਸ.ਪੀ ਨੇ ਦੱਸਿਆ ਕਿ ਜਗਪ੍ਰੀਤ ਸਿੰਘ ਨੂੰ ਜਦੋਂ ਥਾਣਾ ਸਿਟੀ ਪੱਟੀ ਦੀ ਪੁਲਸ ਵੱਲੋਂ ਕੈਰੋਂ ਕਤਲ ਵਾਰਦਾਤ ’ਚ ਵਰਤੇ ਗਏ ਹਥਿਆਰ ਬਰਾਮਦਗੀ ਲਈ ਪਿੰਡ ਨੱਥੂਪੁਰ ਸੂਏ ਨਜ਼ਦੀਕ ਲਿਆਂਦਾ ਗਿਆ ਤਾਂ ਉਸ ਵੱਲੋਂ ਵੀਰਾਨ ਜਗ੍ਹਾ ’ਤੇ ਰੱਖੇ ਆਟੋਮੈਟਿਕ ਪਿਸਤੌਲ ਨਾਲ ਪੁਲਸ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਸ ਵਲੋਂ ਜਵਾਬੀ ਫਾਇਰਿੰਗ ’ਚ ਉਹ ਜ਼ਖਮੀ ਹੋ ਗਿਆ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਕਤਲ ਮਾਮਲੇ ਤੋਂ ਇਲਾਵਾ ਪਾਕਿਸਤਾਨ ਤੋਂ ਹਥਿਆਰ ਅਤੇ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥ ਮੰਗਵਾਉਣ ਸਬੰਧੀ ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤਾ ਗਿਆ ਪੀ.ਐਕਸ-5 ਆਟੋਮੈਟਿਕ 30 ਬੋਰ ਪਿਸਤੌਲ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਪੁਲਸ ਨੂੰ ਇਸ ਮੁਲਜ਼ਮ ਪਾਸੋਂ ਕੀਤੀ ਜਾਣ ਵਾਲੀ ਪੁੱਛਗਿਛ ਦੌਰਾਨ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
ਮੌਸਮ ਨੇ ਬਦਲਿਆ ਮਿਜਾਜ਼, Punjab ਦੇ ਕਈ ਇਲਾਕਿਆਂ 'ਚ ਸ਼ੁਰੂ ਹੋਈ ਬਰਸਾਤ
NEXT STORY