ਅੰਮ੍ਰਿਤਸਰ, (ਰਮਨ)- ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੀ ਪ੍ਰਦੇਸ਼ ਪੱਧਰ ਦੀ ਕੇਂਦਰੀ ਕਾਰਜਕਾਰੀ ਕਮੇਟੀ ਦੀ ਹੰਗਾਮੀ ਬੈਠਕ ਹੋਈ, ਜਿਸ ਵਿਚ ਪੰਜਾਬ ਸਰਕਾਰ ਦੇ ਬਠਿੰਡਾ ਅਤੇ ਰੋਪੜ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਕੇਂਦਰੀ ਬਿਜਲੀ ਅਥਾਰਟੀ ਨੇ ਕਿਤੇ ਵੀ ਇਸ ਥਰਮਲ ਪਲਾਟਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਬਲਕਿ ਕੇਂਦਰੀ ਬਿਜਲੀ ਅਥਾਰਟੀ ਬਠਿੰਡਾ ਥਰਮਲ ਪਲਾਂਟ ਦੀ ਤਰ੍ਹਾਂ ਜਿਨ੍ਹਾਂ ਪਲਾਟਾਂ ਦਾ ਨਵੀਨੀਕਰਨ ਕੀਤਾ ਹੋਇਆ ਹੈ ਉਨ੍ਹਾਂ ਨੂੰ 10 ਸਾਲ ਲਈ ਚਾਲੂ ਰੱਖਣ ਦੀਆਂ ਹਦਾਇਤਾਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਬਿਜਲੀ ਅਥਾਰਟੀ ਨੇ ਤਾਂ 100 ਮੈਗਾਵਾਟ ਦੇ ਉਨ੍ਹਾਂ ਪਲਾਟਾਂ ਨੂੰ ਹੀ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ ਜਿਨ੍ਹਾਂ ਵਿਚ ਰੀ-ਹੀਟ ਦਾ ਪ੍ਰਬੰਧ ਨਹੀਂ ਹੈ। ਬਠਿੰਡਾ ਥਰਮਲ ਪਲਾਂਟ ਜੋ ਕਿ 110/120 ਮੈਗਾਵਾਟ ਦਾ ਹੈ ਅਤੇ ਉਸ ਵਿਚ ਰੀ-ਹੀਟ ਪ੍ਰਬੰਧ ਹੈ, ਨੂੰ ਕੇਂਦਰੀ ਬਿਜਲੀ ਅਥਾਰਟੀ ਦੀ ਗਾਈਡ ਲਾਈਨਜ਼ ਦੀ ਉਲੰਘਣਾ ਕਰ ਕੇ ਬੰਦ ਕੀਤਾ ਜਾ ਰਿਹਾ ਹੈ। ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਨਾਲ ਸਰਕਾਰ ਨੂੰ ਸਿਰਫ 18 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਵੇਗੀ। ਜਦੋਂ ਕਿ ਅਫਵਾਹ ਇਹ ਫੈਲਾਈ ਗਈ ਹੈ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਨਾਲ 1300 ਕਰੋੜ ਰੁਪਏ ਦੀ ਪ੍ਰਤੀ ਮਹੀਨਾ ਬੱਚਤ ਹੋਵੇਗੀ। ਐਸੋਸੀਏਸ਼ਨ ਨੇ ਅਫਵਾਹ ਫੈਲਾਉਣ ਵਾਲੀਆਂ ਤਾਕਤਾਂ ਨੂੰ ਸਿੱਧੇ ਤੌਰ 'ਤੇ ਚੈਲੇਂਜ ਕੀਤਾ ਹੈ ਕਿ ਉਹ 1300 ਕਰੋੜ ਰੁਪਏ ਪ੍ਰਤੀ ਮਹੀਨਾ ਦੀ ਬੱਚਤ ਸਿੱਧ ਕਰ ਦੇਣ ਤਾਂ ਐਸੋਸੀਏਸ਼ਨ ਸਰਕਾਰ ਦੇ ਫੈਸਲੇ ਨੂੰ ਸਵੀਕਾਰ ਕਰ ਲਵੇਗੀ।
ਐਸੋਸੀਏਸ਼ਨ ਨੇ ਕਿਹਾ ਕਿ ਸਹਾਇਕ ਇੰਜੀਨੀਅਰਾਂ ਨੂੰ ਸ਼ੁਰੂਆਤੀ ਸਕੇਲ 18,030 ਰੁਪਏ ਦੇਣ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਬੈਠਕ ਵਿਚ ਇੰਜੀਨੀਅਰਾਂ ਨੂੰ ਹੋਰ ਮੁੱਦਿਆਂ ਦੇ ਬਾਰੇ ਪੀ. ਐੱਸ. ਪੀ. ਸੀ. ਐੱਲ. ਦੀ ਮੈਨੇਜਮੈਂਟ ਵੱਲੋਂ ਅਣਦੇਖੀ ਕਰਨ ਕਾਰਨ ਵੀ ਵਿਰੋਧਤਾ ਕੀਤੀ ਅਤੇ ਕਿਹਾ ਕਿ ਇਸ ਸਬੰਧੀ ਇੰਜੀਨੀਅਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਮੈਨੇਜਮੈਂਟ ਖਿਲਾਫ ਸੰਘਰਸ਼ ਕੀਤਾ ਜਾਵੇਗਾ ਜਿਸ ਵਿਚ ਪੀ. ਐੱਸ. ਪੀ. ਸੀ. ਐੱਲ. ਅਤੇ ਪੀ. ਐੱਸ. ਟੀ. ਸੀ. ਐੱਲ. ਦੇ ਇੰਜੀਨੀਅਰ ਕਾਲੇ ਬਿੱਲੇ ਲਾ ਕੇ ਬਠਿੰਡਾ ਜ਼ੋਨ 16 ਨੂੰ ਰੋਪੜ ਜ਼ੋਨ, 23 ਨੂੰ ਅੰਮ੍ਰਿਤਸਰ ਜ਼ੋਨ, 30 ਨੂੰ ਜਲੰਧਰ ਅਤੇ 13 ਫਰਵਰੀ ਨੂੰ ਪਟਿਆਲਾ ਜ਼ੋਨ ਵਿਚ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੇਕਰ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਨਹੀਂ ਲਿਆ ਅਤੇ ਇੰਜੀਨੀਅਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਇੰਜੀ. ਸਤਿੰਦਰ ਸ਼ਰਮਾ, ਇੰਜੀ. ਜਤਿੰਦਰ ਪਾਲ ਸੈਣੀ, ਸਿਮਰਨਜੀਤ ਸਿੰਘ, ਇੰਜੀ. ਮਨਦੀਪ ਸਿੰਘ, ਇੰਜੀ. ਤਜਿੰਦਰ ਪਾਲ ਸਿੰਘ ਆਦਿ ਮੌਜੂਦ ਸਨ।
ਹੈਰੋਇਨ ਸਮੇਤ 2 ਗ੍ਰਿਫਤਾਰ
NEXT STORY