ਕੋਲਾਰ: ਕਰਨਾਟਕ ਦੇ ਕੋਲਾਰ ਜ਼ਿਲ੍ਹੇ ਦੇ ਬਾਰਡਰ 'ਤੇ ਨਕਲੀ ਦੁੱਧ ਬਣਾਉਣ ਵਾਲੀ ਇੱਕ ਫੈਕਟਰੀ ਦਾ ਭੰਡਾਫੋੜ ਹੋਇਆ ਹੈ। ਕੇ.ਜੀ.ਐੱਫ (KGF) ਐਂਡਰਸਨ ਪੁਲਸ ਅਤੇ ਫੂਡ ਸੇਫਟੀ ਅਫ਼ਸਰਾਂ ਨੇ ਸਾਂਝੀ ਕਾਰਵਾਈ ਕਰਦਿਆਂ ਕੇ.ਜੀ.ਐੱਫ. ਤਾਲੁਕ ਦੇ ਬਾਲਾਗੇਰੇ ਪਿੰਡ ਵਿੱਚ ਇੱਕ ਘਰ 'ਤੇ ਛਾਪਾ ਮਾਰਿਆ, ਜਿੱਥੇ ਇਹ ਨਕਲੀ ਦੁੱਧ ਤਿਆਰ ਕੀਤਾ ਜਾ ਰਿਹਾ ਸੀ। ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਕਸਪਾਇਰਡ ਪਾਊਡਰ ਅਤੇ ਕੈਮੀਕਲ ਦੀ ਹੁੰਦੀ ਸੀ ਵਰਤੋਂ
ਜਾਂਚ ਦੌਰਾਨ ਇਹ ਬੇਹੱਦ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ ਕਿ ਮੁਲਜ਼ਮ ਐਕਸਪਾਇਰ ਹੋ ਚੁੱਕੇ ਮਿਲਕ ਪਾਊਡਰ, ਪਾਮ ਆਇਲ ਅਤੇ ਖ਼ਤਰਨਾਕ ਰਸਾਇਣਾਂ (ਕੈਮੀਕਲ) ਦੀ ਵਰਤੋਂ ਕਰਕੇ ਮਿਲਾਵਟੀ ਦੁੱਧ ਤਿਆਰ ਕਰ ਰਹੇ ਸਨ। ਦੁੱਧ ਨੂੰ ਗਾੜ੍ਹਾ ਦਿਖਾਉਣ ਲਈ ਕੈਮੀਕਲ ਯੁਕਤ ਪਾਮ ਆਇਲ ਮਿਲਾਇਆ ਜਾਂਦਾ ਸੀ।
ਸਕੂਲਾਂ ਤੇ ਆਂਗਣਵਾੜੀਆਂ ਵਿੱਚ ਹੁੰਦੀ ਸੀ ਸਪਲਾਈ
ਇਹ ਮਿਲਾਵਟੀ ਦੁੱਧ ਮਾਸੂਮ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਦਿਆਂ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਵੈਂਕਟੇਸ਼ੱਪਾ, ਬਾਲਾਜੀ, ਦਿਲੀਪ, ਬਲਾਰਾਜੂ ਅਤੇ ਮਨੋਹਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ।
ਐੱਸ.ਪੀ. ਸ਼ਿਵਾਂਸ਼ੂ ਨੇ ਦਿੱਤੀ ਸਖ਼ਤ ਚਿਤਾਵਨੀ
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ. ਸ਼ਿਵਾਂਸ਼ੂ ਨੇ ਦੱਸਿਆ ਕਿ ਮਿਲਾਵਟੀ ਦੁੱਧ ਦੇ ਇਸ ਰੈਕੇਟ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁੱਧ ਹਰ ਘਰ ਦੀ ਬੁਨਿਆਦੀ ਲੋੜ ਹੈ ਅਤੇ ਅਜਿਹੀ ਮਿਲਾਵਟ ਲੋਕਾਂ ਦੇ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀ ਸੀ।
ਸਿਹਤ ਲਈ ਵੱਡਾ ਖ਼ਤਰਾ
ਮਾਹਿਰਾਂ ਅਨੁਸਾਰ ਅਜਿਹਾ ਦੁੱਧ ਪੀਣ ਨਾਲ ਸਿਹਤ ਬੁਰੀ ਤਰ੍ਹਾਂ ਵਿਗੜ ਸਕਦੀ ਹੈ ਅਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ। ਸੂਤਰਾਂ ਅਨੁਸਾਰ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦੁੱਧ ਹਮੇਸ਼ਾ ਭਰੋਸੇਮੰਦ ਥਾਂ ਤੋਂ ਹੀ ਖਰੀਦਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਸ ਜਾਂ ਸਬੰਧਤ ਅਧਿਕਾਰੀਆਂ ਨੂੰ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘਰ ਸਾਹਮਣੇ ਲਟਕਦੀ ਮਿਲੀ ਡਾਕਟਰ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ; ਕਤਲ ਦਾ ਦੋਸ਼
NEXT STORY