ਅੰਮ੍ਰਿਤਸਰ,(ਇੰਦਰਜੀਤ): ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ 'ਤੇ ਸ਼ਿਕੰਜਾ ਕੱਸਦਿਆਂ ਕਬਰਿਸਤਾਨ 'ਚੋਂ 20 ਲੱਖ ਮਿ. ਲਿ. ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਫੜਿਆ ਹੈ, ਜਿਸ ਵਿਚ 50 ਦੇ ਡਰੰਮ ਕਰੀਬ ਬਰਾਮਦ ਕੀਤੇ ਹਨ। ਐਕਸਾਈਜ਼ ਵਿਭਾਗ ਮੁਤਾਬਿਕ ਅੱਜ ਦੀ ਇਹ ਕਾਰਵਾਈ ਐਕਸਾਈਜ਼ ਵਿਭਾਗ ਦੀ ਸਭ ਤੋਂ ਵੱਡੀ ਕਾਰਵਾਈ ਹੈ, ਜੋ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਸਮੱਗਲਰਾਂ ਵਿਰੁੱਧ ਕੀਤੀ ਗਈ ਹੈ, ਹਾਲਾਂਕਿ ਇਸ ਵੱਡੀ ਛਾਪੇਮਾਰੀ 'ਚ ਕਿਸੇ ਸਮੱਗਲਰ ਦੀ ਗ੍ਰਿਫਤਾਰੀ ਦੀ ਸੂਚਨਾ ਨਹੀਂ ਹੈ।
ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਸਰਕਲ-1 ਦੀ ਸਹਾਇਕ ਕਮਿਸ਼ਨਰ ਮੈਡਮ ਅਮਨਦੀਪ ਕੌਰ ਪੀ. ਸੀ. ਐੱਸ. ਅਤੇ ਜ਼ਿਲਾ ਆਬਕਾਰੀ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਾਹਲ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੱਸੋਨੰਗਲ ਦੇ ਖੇਤਰ 'ਚ ਇਕ ਵੱਡਾ ਗਿਰੋਹ ਸ਼ਰਾਬ ਬਣਾਉਣ ਦਾ ਧੰਦਾ ਕਰਦਾ ਹੈ। ਸ਼ਰਾਬ ਦੇ ਧੰਦੇਬਾਜ਼ਾਂ ਨੇ ਅਜਿਹੇ ਸਥਾਨ 'ਤੇ ਆਪਣਾ ਅੱਡਾ ਬਣਾਇਆ ਹੋਇਆ ਹੈ ਜਿਥੇ ਮ੍ਰਿਤਕ ਸਰੀਰ ਦਫਨਾਏ ਜਾਂਦੇ ਹਨ, ਜਦੋਂ ਕਿ ਇਸ ਦੇ ਨਾਲ-ਨਾਲ ਇਕ ਅਜਿਹੇ ਸਥਾਨ 'ਤੇ ਸ਼ਰਾਬ ਦਬਾਈ ਹੋਈ ਸੀ, ਜਿਥੇ ਰੂੜੀ ਦੇ ਢੇਰ ਲੱਗੇ ਹੁੰਦੇ ਹਨ।
ਗੁਪਤ ਸੂਤਰਾਂ ਨੇ ਦੱਸਿਆ ਕਿ ਆਮ ਤੌਰ 'ਤੇ ਅਜਿਹੇ ਸਥਾਨਾਂ 'ਤੇ ਪੁਲਸ ਅਤੇ ਛਾਪੇਮਾਰੀ ਟੀਮਾਂ ਦਾ ਧਿਆਨ ਨਹੀਂ ਜਾਂਦਾ, ਜਿਸ ਕਾਰਨ ਇਹ ਲੋਕ ਬੇਫਿਕਰ ਹੋ ਕੇ ਵੱਡੀ ਤੋਂ ਵੱਡੀ ਗ਼ੈਰ-ਕਾਨੂੰਨੀ ਸ਼ਰਾਬ ਦੀ ਖੇਪ ਇਥੇ ਛੁਪਾ ਦਿੰਦੇ ਹਨ ਕਿਉਂਕਿ ਇਨ੍ਹਾਂ ਸਥਾਨਾਂ 'ਤੇ ਬਹੁਤ ਜ਼ਿਆਦਾ ਬਦਬੂ ਹੁੰਦੀ ਹੈ, ਜਿਸ ਕਾਰਨ ਕੋਈ ਇਥੇ ਆਉਣ ਦਾ ਸਾਹਸ ਨਹੀਂ ਕਰਦਾ। ਗੁਪਤਚਰਾਂ ਨੇ ਇਹ ਵੀ ਦੱਸਿਆ ਕਿ ਇਥੇ ਬਣੀ ਸ਼ਰਾਬ ਸੂਬੇ ਦੇ ਕਈ ਹਿੱਸਿਆਂ 'ਚ ਵੰਡੀ ਜਾਂਦੀ ਹੈ। ਜਿਥੇ ਇਹ ਸ਼ਰਾਬ ਸਿਹਤ ਲਈ ਨੁਕਸਾਨਦਾਇਕ ਹੈ, ਉਥੇ ਐਕਸਾਈਜ਼ ਵਿਭਾਗ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ।
ਸੂਚਨਾ 'ਤੇ ਐਕਸ਼ਨ ਲੈਂਦਿਆਂ ਸਹਾਇਕ ਕਮਿਸ਼ਨਰ ਮੈਡਮ ਅਮਨਦੀਪ ਕੌਰ ਅਤੇ ਜ਼ਿਲਾ ਆਬਕਾਰੀ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਾਹਲ ਨੇ ਜਸਪਿੰਦਰ ਸਿੰਘ ਸ਼ਿੰਗਾਰੀ ਨਾਮਕ ਐਕਸਾਈਜ਼ ਅਧਿਕਾਰੀ ਦੀ ਅਗਵਾਈ 'ਚ ਟੀਮ ਗਠਿਤ ਕੀਤੀ, ਜਿਸ ਵਿਚ ਕੁਲਬੀਰ ਸਿੰਘ, ਅਜੀਤ ਸਿੰਘ, ਗੁਰਵਿੰਦਰ ਸਿੰਘ, ਅਨੂਪ ਸਿੰਘ ਸਮੇਤ ਸੁਰੱਖਿਆ ਜਵਾਨ ਵੀ ਸ਼ਾਮਿਲ ਸਨ, ਨੂੰ ਤੁਰੰਤ ਛਾਪੇਮਾਰੀ ਲਈ ਰਵਾਨਾ ਕਰ ਦਿੱਤਾ। ਸਟਾਫ ਨੇ ਸਵੇਰ ਦੇ ਸਮੇਂ ਤੋਂ ਹੀ ਘੇਰਾਬੰਦੀ ਦੀ ਯੋਜਨਾ ਤਿਆਰ ਕਰ ਲਈ ਸੀ। ਗੁਪਤਚਰਾਂ ਦੀ ਸੂਚਨਾ 'ਤੇ ਜਿਵੇਂ ਹੀ ਕਬਰਾਂ ਵਾਲੇ ਸਥਾਨ ਦੇ ਨਜ਼ਦੀਕ ਟੀਮ ਪਹੁੰਚੀ ਤਾਂ ਉਥੇ ਉਨ੍ਹਾਂ ਨੂੰ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ, ਜਦੋਂ ਕਿ ਦੂਜੇ ਸਥਾਨ ਜਿਥੇ ਰੂੜੀ ਦੇ ਢੇਰ ਸਨ, ਤੋਂ ਵੀ ਨਾਜਾਇਜ਼ ਸ਼ਰਾਬ ਦੇ ਡਰੰਮ ਮਿਲੇ। ਇਸ ਸਬੰਧੀ ਉਪਰੋਕਤ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਵਿਰੁੱਧ ਪਿਛਲੇ 3 ਮਹੀਨਿਆਂ ਤੋਂ ਐਕਸਾਈਜ਼ ਵਿਭਾਗ ਵੱਲੋਂ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਵਿਚ ਵਿਭਾਗ ਨੂੰ ਭਾਰੀ ਸਫਲਤਾ ਮਿਲ ਰਹੀ ਹੈ। ਆਉਣ ਵਾਲੇ ਸਮੇਂ 'ਚ ਸ਼ਰਾਬ ਦੇ ਗ਼ੈਰ-ਕਾਨੂੰਨੀ ਸਮੱਗਲਰਾਂ 'ਤੇ ਹੋਰ ਵੀ ਸ਼ਿਕੰਜਾ ਕੱਸਿਆ ਜਾਵੇਗਾ। ਇਸ ਸਬੰਧੀ ਛਾਪੇਮਾਰੀ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਸ਼ਿੰਗਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਸੀ ਕਿ ਸ਼ਰਾਬ ਦੇ ਨਾਲ ਗ਼ੈਰ-ਕਾਨੂੰਨੀ ਸ਼ਰਾਬ ਬਣਾਉਣ ਵਾਲੇ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਸਮੱਗਲਰਾਂ ਨੂੰ ਸ਼ੱਕ ਹੋ ਗਿਆ ਸੀ, ਜਿਸ ਕਾਰਨ ਕੋਈ ਸਮੱਗਲਰ ਸ਼ਰਾਬ ਛੁਪਾਏ ਹੋਏ ਸਥਾਨ ਦੇ ਨਜ਼ਦੀਕ ਨਹੀਂ ਪੁੱਜਾ। ਇਸ ਲਈ ਐਕਸਾਈਜ਼ ਵਿਭਾਗ ਨੂੰ ਸਿਰਫ ਸ਼ਰਾਬ ਦੀ ਬਰਾਮਦਗੀ ਹੀ ਹੋਈ।
ਨਾਭਾ 'ਚ ਪੱਤਰਕਾਰ 'ਤੇ ਜਾਨਲੇਵਾ ਹਮਲਾ
NEXT STORY