ਕਪੂਰਥਲਾ (ਭੂਸ਼ਣ/ਮਹਾਜਨ)- ਜ਼ਿਲ੍ਹਾ ਪੁਲਸ ਨੇ ਸ਼ਹਿਰ ’ਚ ਚੱਲ ਰਹੇ ਦੇਹ ਵਪਾਰ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 6 ਔਰਤਾਂ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਿਲ੍ਹੇ ਭਰ ’ਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਦੀ ਨਿਗਰਾਨੀ ’ਚ ਥਾਣਾ ਸਿਟੀ ਦੇ ਐੱਸ. ਐੱਚ. ਓ. ਰਘੁਬੀਰ ਸਿੰਘ ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਸਾਂਝੇ ਤੌਰ ’ਤੇ ਸ਼ਹਿਰ ’ਚ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਇਕ ਮੁਖਬਰ ਖ਼ਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਜਲੰਧਰ ਮਾਰਗ ’ਤੇ ਇਕ ਔਰਤ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਵੱਡਾ ਨੈੱਟਵਰਕ ਚਲਾ ਰਹੀ ਹੈ ਅਤੇ ਉਸ ਦੇ ਅੱਡੇ ’ਚ ਵੱਡੀ ਗਿਣਤੀ ’ਚ ਸ਼ੱਕੀ ਔਰਤਾਂ ਅਤੇ ਗਾਹਕ ਮੌਜੂਦ ਹਨ। ਇਸ ਦੇ ਬਾਅਦ ਜਦੋਂ ਪੁਲਸ ਟੀਮ ਨੇ ਮੌਕੇ ’ਤੇ ਛਾਪੇਮਾਰੀ ਕੀਤੀ ਤਾਂ ਇਸ ਦੌਰਾਨ ਪੂਰੇ ਨੈੱਟਵਰਕ ਨੂੰ ਚਲਾਉਣ ਵਾਲੀ ਮੁੱਖ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛਗਿੱਛ ਦੌਰਾਨ ਤਲਾਸ਼ੀ ’ਚ 5 ਹੋਰ ਔਰਤਾਂ ਅਤੇ 2 ਗਾਹਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਦੋਵਾਂ ਵਿਅਕਤੀਆਂ ਨੇ ਆਪਣਾ ਨਾਮ ਅਕਬਰ ਪੁੱਤਰ ਸਦੀਕ ਮੁਹੰਮਦ ਵਾਸੀ ਪਿੰਡ ਰਾਮੇਵਾਲ ਅਤੇ ਆਕਾਸ਼ ਹੰਸ ਪੁੱਤਰ ਸੋਨੂੰ ਹੰਸ ਵਾਸੀ ਜੱਗੂ ਸ਼ਾਹ ਡੇਰਾ ਕਪੂਰਥਲਾ ਨੂੰ ਸ਼ੱਕੀ ਹਾਲਤ ’ਚ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਤੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲਾਂ
ਨੈੱਟਵਰਕ ਚਲਾਉਣ ਵਾਲੀ ਮੁੱਖ ਮੁਲਜ਼ਮ ਗਾਹਕਾਂ ਤੋਂ ਵਸੂਲਦੀ ਸੀ ਮੋਟੀ ਰਕਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਇਸ ਦੇਹ ਵਪਾਰ ਦੇ ਨੈੱਟਵਰਕ ਨੂੰ ਚਲਾਉਣ ਵਾਲੀ ਮੁੱਖ ਮੁਲਜ਼ਮ ਔਰਤ ਲੰਬੇ ਸਮੇਂ ਤੋਂ ਵੱਖ-ਵੱਖ ਖੇਤਰਾਂ ਨਾਲ ਜੁੜੇ ਗਾਹਕਾਂ ਨੂੰ ਲੜਕੀਆਂ ਸਪਲਾਈ ਕਰਦੀ ਸੀ ਅਤੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਦੀ ਸੀ। ਉਕਤ ਮੁੱਖ ਮੁਲਜ਼ਮ ਵਸੂਲ ਕੀਤੀ ਗਈ ਜ਼ਿਆਦਾਤਰ ਰਕਮ ’ਚੋਂ ਆਪਣਾ ਹਿੱਸਾ ਰੱਖ ਕੇ ਉਸ ਦਾ ਬਾਕੀ ਹਿੱਸਾ ਲੜਕੀਆਂ ਨੂੰ ਦੇ ਦਿੰਦੀ ਸੀ।
ਮੁਲਜ਼ਮ ਔਰਤ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮਾਮਲੇ
ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਉਕਤ ਦੇਹ ਵਪਾਰ ਦਾ ਨੈੱਟਵਰਕ ਚਲਾਉਣ ਵਾਲੀ ਔਰਤ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਉਸ ਨੇ ਇਸ ਗੈਰ-ਕਾਨੂੰਨੀ ਧੰਦੇ ਤੋਂ ਮੋਟੀ ਰਕਮ ਕਮਾ ਕੇ ਕਾਫ਼ੀ ਜਾਇਦਾਦ ਬਣਾਈ ਹੋਈ ਹੈ, ਜਿਸ ਦੀ ਜਾਂਚ ਜਾਰੀ ਹੈ। ਉੱਥੇ ਹੀ ਇਸ ਪੂਰੇ ਨੈੱਟਵਰਕ ’ਚ ਸ਼ਾਮਲ ਹੋਰ ਵੀ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਦਾ ਦੌਰ ਜਾਰੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਤਰਨ ਤਾਰਨ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੀ ਲੱਖਾਂ ਦੀ ਨਕਦੀ
ਦੇਹ ਵਪਾਰ ਨੈੱਟਵਰਕ ’ਚ ਫਸ ਸਕਦੇ ਹਨ ਕਈ ਸਫੇਦਪੋਸ਼!
ਜਲੰਧਰ ਮਾਰਗ ’ਤੇ ਦੇਹ ਵਪਾਰ ਦਾ ਨੈੱਟਵਰਕ ਚਲਾਉਣ ਵਾਲੀ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨੇ ਦੋਆਬਾ ਖੇਤਰ ਨਾਲ ਸਬੰਧਤ ਕਈ ਸਫੇਦਪੋਸ਼ ਲੋਕਾਂ ’ਚ ਭਾਰੀ ਦਹਿਸ਼ਤ ਫੈਲਾ ਦਿੱਤੀ ਹੈ। ਗੌਰ ਹੋਵੇ ਕਿ ਬੀਤੇ 2 ਦਹਾਕੇ ਤੋਂ ਸ਼ਹਿਰ ’ਚ ਦੇਹ ਵਪਾਰ ਦਾ ਨੈੱਟਵਰਕ ਚਲਾਉਣ ਵਾਲੀ ਉਕਤ ਔਰਤ, ਜੋ ਕਿ ਪਹਿਲਾਂ ਵੀ ਕਈ ਵਾਰ ਗ੍ਰਿਫ਼ਤਾਰ ਹੋ ਚੁੱਕੀ ਹੈ, ਦੇ ਤਾਰ ਕਈ ਅਜਿਹੇ ਅਮੀਰਜਾਦਿਆਂ ਨਾਲ ਜੁੜੇ ਹੋਏ ਹਨ, ਜੋ ਆਪਣੀਆਂ ਸ਼ੱਕੀ ਗਤੀਵਿਧੀਆਂ ਕਾਰਨ ਲੰਬੇ ਸਮੇਂ ਤੋਂ ਬਦਨਾਮ ਰਹੇ ਹਨ। ਜ਼ਿਕਰਯੋਗ ਹੈ ਕਿ ਕਰੀਬ 15 ਸਾਲ ਪਹਿਲਾਂ ਉਕਤ ਔਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਪੂਰਥਲਾ ਪੁਲਸ ਵੱਲੋਂ ਚਲਾਏ ਗਏ ਇਕ ਵੱਡੇ ਆਪ੍ਰੇਸ਼ਨ ’ਚ ਕਪੂਰਥਲਾ ਸਮੇਤ ਦੂਸਰੇ ਜ਼ਿਲ੍ਹਿਆਂ ਨਾਲ ਸਬੰਧਤ ਕਈ ਗਾਹਕ ਫੜੇ ਗਏ ਸਨ। ਜਿਨ੍ਹਾਂ ’ਚੋਂ ਕੁਝ ਖਾਂਦੇ-ਪੀਂਦੇ ਪਰਿਵਾਰਾਂ ਨਾਲ ਸਬੰਧਤ ਸਨ। ਹੁਣ ਇਸ ਮਾਮਲੇ ’ਚ ਵੀ ਆਉਣ ਵਾਲੇ ਦਿਨਾਂ ’ਚ ਕਈ ਅਹਿਮ ਮੋੜ ਵੇਖਣ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
10ਵੀਂ ਕਲਾਸ ’ਚੋਂ ਕਿਸਾਨਾਂ ਦੀ ਧੀ ਨੇ ਮਾਰੀਆਂ ਮੱਲਾਂ, ਬਣਨਾ ਚਾਹੁੰਦੀ ਹੈ ਸੀ. ਏ.
NEXT STORY