ਜਲੰਧਰ (ਵੈੱਬ ਡੈਸਕ): ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ਮੀਨੀ ਪੱਧਰ 'ਤੇ ਕਾਰਵਾਈਆਂ ਆਰੰਭੀਆਂ ਹੋਈਆਂ ਹਨ। ਜਿੱਥੇ ਇੱਕ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਵੱਡੇ ਪੱਧਰ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਾਂਗਰਸ ਵਿੱਚੋਂ ਕੈਪਟਨ ਦੇ ਅਸਤੀਫ਼ੇ ਅਤੇ ਨਵਜੋਤ ਸਿੱਧੂ ਦੇ ਫ਼ੈਸਲਿਆਂ ਨੇ ਪਾਰਟੀ ਦੇ ਕਾਰਕੁਨਾਂ ਨੂੰ ਦੁਚਿੱਤੀ 'ਚ ਪਾਇਆ ਹੋਇਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ 70 ਤੋਂ ਵੱਧ ਸੀਟਾਂ 'ਤੇ ਉਮੀਦਵਾਰ ਵੀ ਐਲਾਨ ਦਿੱਤੇ ਹਨ। ਇਸੇ ਦਰਮਿਆਨ ਆਮ ਆਦਮੀ ਪਾਰਟੀ ਵੀ ਪੰਜਾਬ ਮਸਲਿਆਂ ਨੂੰ ਉਭਾਰਨ ਵਿੱਚ ਪਿੱਛੇ ਨਹੀਂ ਹੈ ਤਾਂ ਜੋ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਸਕੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਸਵਾਲ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ ਹੈ। 'ਜਗ ਬਾਣੀ' ਦੇ ਬਹੁ-ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਵਿੱਚ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ ਪਾਰਟੀ ਦਾ ਕੋਈ ਕਾਰਕੁਨ ਹੀ ਹੋਵੇਗਾ ਨਾ ਕਿ ਵੋਟਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ 'ਚ ਸ਼ਾਮਲ ਹੋਇਆ ਕੋਈ ਬਾਹਰੀ ਵਿਅਕਤੀ।
ਜਦੋਂ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਜੇਕਰ ਇਸ ਸਮੇਂ ਕਿਸੇ ਨੂੰ ਪਾਰਟੀ 'ਚ ਸ਼ਾਮਲ ਕਰਵਾ ਕੇ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ ਤਾਂ ਉਨ੍ਹਾਂ ਸਪੱਸ਼ਟ ਜਵਾਬ ਦਿੰਦਿਆਂ ਕਿਹਾ ਕਿ ਹੁਣ ਨਵੰਬਰ ਦਾ ਮਹੀਨਾ ਆ ਗਿਆ ਹੈ, ਜੇਕਰ ਇਸ ਸਮੇਂ ਕਿਸੇ ਬਾਹਰੀ ਵਿਅਕਤੀ ਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਉਸ ਨੂੰ ਪਾਰਟੀ ਕਾਰਕੁਨਾਂ ਨੇ ਹੀ ਸਵੀਕਾਰ ਨਹੀਂ ਕਰਨਾ। ਇਸ ਕਰਕੇ ਮੁੱਖ ਮੰਤਰੀ ਉਮੀਦਵਾਰ ਉਹੀ ਹੋ ਸਕਦਾ ਹੈ ਜੋ ਪਾਰਟੀ ਦਾ ਕਾਰਕੁਨ ਹੋਵੇ। ਜਿਸਨੇ ਪਾਰਟੀ 'ਚ ਰਹਿ ਕੇ ਔਖਾ-ਸੌਖਾ ਸਮਾਂ ਵੇਖਿਆ ਹੋਵੇ।
ਨੋਟ: ਤੁਹਾਨੂੰ ਭਗਵੰਤ ਮਾਨ ਨਾਲ ਕੀਤੀ ਇਹ ਗੱਲਬਾਤ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ ’ਤੇ ਵੀ ਵਧਿਆ ਵੈਟ ਘੱਟ ਕਰ ਕੇ ਤੇਲ ਕੀਮਤਾਂ ਘਟਾਉਣ ਦਾ ਦਬਾਅ
NEXT STORY