ਮੋਗਾ (ਵਿਪਨ ਓਂਕਾਰਾ) : ਫੇਸਬੁੱਕ 'ਤੇ ਪਿਆਰ ਦਾ ਇਜ਼ਹਾਰ ਤਾਂ ਤੁਸੀ ਕਈ ਵਾਰ ਦੇਖਿਆ ਹੋਵੇਗਾ ਅਤੇ ਕਈਆਂ ਨੇ ਤਾਂ ਆਪਣੇ ਪਿਆਰ ਦੀ ਸ਼ੁਰੂਆਤ ਵੀ ਇਸੇ ਸੋਸ਼ਲ ਮੀਡੀਆ ਤੋਂ ਹੀ ਕੀਤੀ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਫੇਸਬੁੱਕ ਨੇ ਕਈ ਦਿੱਲ ਜੋੜੇ ਹਨ ਪਰ ਇਸ ਦੇ ਨਾਲ-ਨਾਲ ਕਈ ਦਿਲ ਤੋੜੇ ਵੀ ਹਨ। ਅਜਿਹੇ ਹੀ ਟੁੱਟੇ ਦਿਲ ਦੀ ਗੱਲ ਕਰਨ ਜਾ ਰਹੇ ਹਾਂ ਮੋਗਾ ਦੇ ਕੁਲਵਿੰਦਰ ਸਿੰਘ ਦੀ, ਜਿਸ ਨੂੰ ਫੇਸਬੁੱਕ 'ਤੇ ਪਿਆਰ ਤਾਂ ਮਿਲਿਆ ਪਰ ਸ਼ਾਇਦ ਉਸਨੂੰ ਇਹ ਨਹੀਂ ਸੀ ਪਤਾ ਕਿ ਜਿਸ ਨੂੰ ਉਹ ਇਕ ਹਸੀਨਾ ਸਮਝ ਕੇ ਉਸ ਨਾਲ ਵਿਆਹ ਦੇ ਸੁਪਨੇ ਸਜਾਈ ਬੈਠਾ ਹੈ, ਉਹ ਲੜਕੀ ਨਹੀਂ ਬਲਕਿ ਲੜਕਾ ਹੈ। ਜੀ ਹਾਂ, ਦਰਅਸਲ ਕੁਲਵਿੰਦਰ ਸਿੰਘ ਨਾਂ ਦੇ ਲੜਕੇ ਨੂੰ ਦੋ ਸਾਲ ਪਹਿਲਾਂ ਇਕ ਲੜਕੀ ਦੇ ਨਾਂ ਦੀ ਆਈ. ਡੀ. ਤੋਂ ਫਰੈਂਡ ਰਿਕੁਐੈਸਟ ਆਈ ਸੀ, ਜਿਸ ਨੂੰ ਕੁਲਵਿੰਦਰ ਨੇ ਲੜਕੀ ਸਮਝ ਕੇ ਅਕਸੈਪਟ ਕਰ ਲਿਆ। ਗੱਲਬਾਤ ਦਾ ਸਿਲਸਿਲਾ ਅੱਗੇ ਵਧਿਆ ਤਾਂ ਫੇਕ ਆਈ. ਡੀ. ਚਲਾ ਰਹੇ ਮੁੰਡੇ ਨੇ ਕੁੜੀ ਦੀ ਆਵਾਜ਼ 'ਚ ਕੁਲਵਿੰਦਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਹ ਕੁਲਵਿੰਦਰ ਕੋਲੋਂ ਪੈਸੇ, ਮੋਬਾਇਲ ਫੋਨ ਦੀ ਡਿਮਾਂਡ ਕਰਦਾ ਰਿਹਾ ਤੇ ਕੁਲਵਿੰਦਰ ਖੁਸ਼ੀ-ਖੁਸ਼ੀ ਉਸਨੂੰ ਪੂਰੀ ਵੀ ਕਰਦਾ ਰਿਹਾ।
ਇਥੋਂ ਤਕ ਕਿ ਕੁਲਵਿੰਦਰ ਨੇ ਉਸਨੂੰ ਇਕ ਐਕਟਿਵਾ ਵੀ ਲੈ ਦਿੱਤੀ। ਗੱਲ ਵਿਆਹ ਤੱਕ ਪਹੁੰਚੀ ਤਾਂ ਕੁਲਵਿੰਦਰ ਨੇ ਆਪਣੇ ਘਰ ਗੱਲ ਕੀਤੀ, ਜਿਸ ਤੋਂ ਬਾਅਦ ਕੁਲਵਿੰਦਰ ਦੇ ਪਰਿਵਾਰ ਨੇ ਕੁੜੀ ਬਾਰੇ ਪਤਾ ਕੀਤਾ ਤਾਂ ਖੁਲਾਸਾ ਹੋਇਆ ਕਿ ਜਿਸ ਨੂੰ ਕੁਲਵਿੰਦਰ ਪਿਆਰ ਕਰਦਾ ਹੈ ਉਹ ਕੋਈ ਕੁੜੀ ਨਹੀਂ ਬਲਕਿ ਮੁੰਡਾ ਹੈ।
ਉਧਰ ਪੁਲਸ ਦਾ ਕਹਿਣਾ ਹੈ ਕਿ ਲੜਕੇ ਨਾਲ ਕਰੀਬ ਸਾਢੇ 4 ਲੱਖ ਰੁਪਏ ਦੀ ਠੱਗੀ ਹੋਈ ਹੈ ਅਤੇ ਪੁਲਸ ਨੇ ਦੋ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੇਸਬੁੱਕ 'ਤੇ ਹੋਈ ਠੱਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਪਿਆਰ ਦੇ ਚੱਕਰਾਂ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ।
ਸੜਕ ਹਾਦਸਿਆਂ 'ਚ 2 ਦੀ ਮੌਤ
NEXT STORY