ਲੁਧਿਆਣਾ (ਮਹਿੰਦਰੂ): ਹੀਰੋ ਬੇਕਰੀ ਚੌਕ ਨੇੜੇ ਇਕ ਗੌਦਾਮ ਨੂੰ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਦੀਆਂ ਲਾਟਾਂ ਨੇ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਇਕ ਮਹਿਲਾ ਤੇ 3 ਸਾਲਾ ਬੱਚਾ ਗੋਦਾਮ ਦੇ ਅੰਦਰ ਹੀ ਫਸੇ ਹੋਏ ਸਨ, ਜੋ ਅੱਗ ਲੱਗਣ ਕਾਰਨ ਕਾਫ਼ੀ ਘਬਰਾ ਗਏ। ਭਿਆਨਕ ਅੱਗ ਵਿਚਾਲੇ ਇਕ ਮੁੰਡਾ ਫਰਿਸ਼ਤਾ ਬਣ ਕੇ ਬਹੁੜਿਆ ਤੇ ਮਾਂ-ਪੁੱਤ ਦੀ ਜਾਨ ਬਚਾ ਲਈ। ਉਸ ਨੇ ਆਪਣੀ ਜਾਨ ਦਾਅ 'ਤੇ ਲਗਾ ਕੇ ਦੋਹਾਂ ਨੂੰ ਬਚਾਇਆ ਤੇ ਸੁਰੱਖਿਅਤ ਬਾਹਰ ਕੱਢ ਲਿਆਇਆ। ਉੱਥੇ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾ ਲਿਆ।
ਜਾਣਕਾਰੀ ਮੁਤਾਬਕ, ਜਗਜੀਤ ਨਗਰ ਵਿਚ ਇਕ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ 3 ਸਾਲਾ ਬੱਚਾ ਤੇ ਉਸ ਦੀ ਮਾਂ ਗੋਦਾਮ ਦੇ ਅੰਦਰ ਫੱਸ ਗਏ। ਮਾਂ ਨੇ ਰੋਂਦਿਆਂ-ਕੁਰਲਾਉਂਦਿਆਂ ਜ਼ੋਰ-ਜ਼ੋਰ ਨਾਲ 'ਬਚਾਓ-ਬਚਾਓ' ਦੀਆਂ ਆਵਾਜ਼ਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਉੱਥੇ ਹੀ ਅੱਗ ਦੀਆਂ ਲਪਟਾਂ ਉੱਠਦੀਆਂ ਵੇਖ ਰਾਹੁਲ ਨਾਂ ਦਾ ਦੁਕਾਨਦਾਰ ਤੁਰੰਤ ਮੌਕੇ 'ਤੇ ਪਹੁੰਚ ਗਿਆ। ਜਦੋਂ ਉਸ ਨੂੰ ਅੰਦਰੋਂ ਕਿਸੇ ਦੇ ਚੀਕਣ ਦੀ ਆਵਾਜ਼ ਆਈ ਤਾਂ ਉਸ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਗੋਦਾਮ ਦੇ ਮੁੱਖ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ। ਉਸ ਨੇ ਤੁਰੰਤ ਤਾਲਾ ਤੋੜਿਆ ਤੇ ਹਿੰਮਤ ਦਿਖਾਉਂਦਿਆਂ ਅੱਗ ਦੇ ਘੇਰੇ ਵਿੱਚੋਂ ਅੰਦਰ ਜਾ ਵੜਿਆ ਤੇ ਮਾਂ-ਪੁੱਤ ਨੂੰ ਸੁਰੱਖਿਅਤ ਬਾਹਰ ਕੱਢ ਲਿਆਇਆ ਤੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ।
ਇਸ ਭਿਆਨਕ ਅੱਗ ਵਿਚ ਮਾਂ ਨੇ ਵੀ ਆਪਣੇ 3 ਸਾਲਾ ਪੁੱਤ ਨੂੰ ਬਚਾਉਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਲਪੇਟ ਲਿਆ। ਅੱਗ ਕਾਰਨ ਉਸ ਦੀ ਬਾਂਹ ਅਤੇ ਵਾਲ ਬੁਰੀ ਤਰ੍ਹਾਂ ਝੁਲਸ ਗਏ, ਪਰ ਉਸ ਨੇ ਬੱਚੇ ਨੂੰ ਕੁਝ ਨਹੀਂ ਹੋਣ ਦਿੱਤਾ ਤੇ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ। ਬੱਚੇ ਦੀ ਮਾਂ ਦੇ ਹਸਪਤਾਲ ਵਿਚ ਇਲਾਜ ਜਾਰੀ ਹੈ। ਫ਼ਾਇਰ ਬ੍ਰਿਗੇਡ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਨਵੀਂ ਅਪਡੇਟ, ਰੋਡਵੇਜ਼ ਮੁਲਾਜ਼ਮਾਂ ਨੇ ਲਿਆ ਵੱਡਾ ਫ਼ੈਸਲਾ
NEXT STORY