ਗੁਰਦਾਸਪੁਰ (ਵਿਨੋਦ) - ਬੀਤੀ ਸ਼ਾਮ ਸੀਮਾ ਪਾਰ ਕਰਦੇ ਹੋਏ ਨਹੀਂ ਬਲਕਿ ਅੰਤਰਰਾਸ਼ਟਰੀ ਸੀਮਾ ਤੋਂ ਬਹੁਤ ਪਿੱਛੇ ਸ਼ਰਾਬੀ ਨੌਜਵਾਨ ਫੜਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਮਾ ਸੁਰੱਖਿਆ ਬਲ ਗੁਰਦਾਸਪੁਰ ਸੈਕਟਰ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਸਮਾਚਾਰ ਪੱਤਰਾਂ ਵਿਚ ਇਹ ਸਮਾਚਾਰ ਪੜ੍ਹਨ ਨੂੰ ਮਿਲਿਆ ਕਿ ਭਾਰਤ-ਪਾਕਿਸਤਾਨ ਸੀਮਾ ਪਾਰ ਕਰਦੇ ਨੌਜਵਾਨ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫੜਿਆ ਹੈ, ਹੈਰਾਨੀ ਹੋਈ। ਸਮਾਚਾਰ 'ਚ ਇਹ ਵੀ ਲਿਖਿਆ ਗਿਆ ਕਿ ਨੌਜਵਾਨ ਸੀਮਾ 'ਤੇ ਲੱਗੀ ਕੰਡਿਆਲੀ ਤਾਰ ਪਾਰ ਕਰ ਰਿਹਾ ਸੀ।
ਕੀ ਕਹਿੰਦੇ ਹਨ ਸੀਮਾ ਸੁਰੱਖਿਆ ਬਲ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ
ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਸਪਸ਼ੱਟ ਕੀਤਾ ਕਿ ਜਿਸ ਨੌਜਵਾਨ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫੜਿਆ ਸੀ ਉਹ ਪਿੰਡ ਠਾਕਰਪੁਰ-ਗਾਹਲੜੀ ਸੜਕ 'ਤੇ ਸ਼ਰਾਬੀ ਹਾਲਤ 'ਚ ਘੁੰਮ ਰਿਹਾ ਸੀ ਅਤੇ ਇਹ ਇਲਾਕਾ ਅੰਤਰਰਾਸ਼ਟਰੀ ਸੀਮਾ 'ਤੇ ਲੱਗੀ ਕੰਡਿਆਲੀ ਤਾਰ ਤੋਂ ਲਗਭਗ ਡੇਢ ਕਿਲੋਮੀਟਰ ਪਿੱਛੇ ਹੈ। ਕੰਡਿਆਲੀ ਤਾਰ ਦੇ ਕੋਲ ਹਲਚਲ ਵੇਖ ਕੇ ਜਵਾਨਾਂ ਵੱਲੋਂ ਸਰਗਰਮੀ ਦਿਖਾ ਕੇ ਨੌਜਵਾਨ ਨੂੰ ਫੜੇ ਜਾਣ ਦੀ ਗੱਲ ਪੁਲਸ ਅਧਿਕਾਰੀ ਦੋਰਾਂਗਲਾ ਨੂੰ ਪਤਾ ਨਹੀਂ ਕਿਸਨੇ ਦਿੱਤੀ ਹੈ। ਕਿਉਂਕਿ ਸਮਾਚਾਰ 'ਚ ਦੋਰਾਂਗਲਾ ਸਟੇਸ਼ਨ ਪ੍ਰਭਾਰੀ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਲਿਖਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸੀਮਾ 'ਤੇ ਜਾਂ ਕੰਡਿਆਲੀ ਤਾਰ 'ਤੇ ਜੇਕਰ ਕੋਈ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਆਪਣੇ ਨਿਯਮਾਂ ਅਨੁਸਾਰ ਡੀਲ ਕਰਦੇ ਹਾਂ ਪਰ ਇਹ ਨੌਜਵਾਨ ਤਾਂ ਅੰਤਰਰਾਸ਼ਟਰੀ ਸੀਮਾ ਤੋਂ ਡੇਢ ਕਿਲੋਮੀਟਰ ਦੂਰੀ 'ਤੇ ਸ਼ਰਾਬੀ ਹਾਲਤ ਵਿਚ ਮਿਲਿਆ ਸੀ।
ਕੀ ਕਹਿੰਦੇ ਹਨ ਦੋਰਾਂਗਲਾ ਪੁਲਸ ਸਟੇਸ਼ਨ ਦੇ ਇੰਚਾਰਜ ਕੁਲਜਿੰਦਰ ਸਿੰਘ
ਇਸ ਮਾਮਲੇ ਸਬੰਧੀ ਜਦ ਦੋਰਾਂਗਲਾ ਪੁਲਸ ਸਟੇਸ਼ਨ ਇੰਚਾਰਜ ਕੁਲਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਪਸ਼ੱਟ ਕੀਤਾ ਕਿ ਰਾਤ ਠਾਕੁਰਪੁਰ-ਗਾਹਲੜੀ ਰੋਡ 'ਤੇ ਫੜਿਆ ਗਿਆ ਨੌਜਵਾਨ ਸੰਤਕਰ ਯਾਦਵ ਪਿੰਡ 'ਚ ਇੱਟ-ਭੱਠੇ 'ਤੇ ਮਜ਼ਦੂਰੀ ਕਰਦਾ ਹੈ ਅਤੇ ਉਸਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਉਕਤ ਨੌਜਵਾਨ ਦੇ ਵਿਰੁੱਧ ਆਵਾਰਾਗਰਦੀ ਸਬੰਧੀ ਧਾਰਾ 109 ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਸਪਸ਼ੱਟ ਕੀਤਾ ਕਿ ਮੇਰੇ ਨਾਲ ਕਿਸੇ ਪੱਤਰਕਾਰ ਦੀ ਇਸ ਮਾਮਲੇ ਸਬੰਧੀ ਗੱਲ ਨਹੀਂ ਹੋਈ ਸੀ ਅਤੇ ਮੇਰਾ ਨਾਂ ਸਮਾਚਾਰ ਵਿਚ ਪਾ ਕੇ ਮੇਰੇ ਨਾਂ ਦਾ ਗਲਤ ਪ੍ਰਯੋਗ ਕੀਤਾ ਗਿਆ ਹੈ।
ਕੈਪਟਨ ਦਾ ਚੋਣ ਮੈਨੀਫੈਸਟੋ ਸਾਬਿਤ ਹੋਇਆ ਝੂਠੀ ਕਿਤਾਬ : ਤਰੁਣ ਚੁੱਘ
NEXT STORY