ਰਾਜਪੁਰਾ(ਇਕਬਾਲ)-ਧਮੋਲੀ ਫਾਟਕਾਂ ਨੇੜਲੀ ਸ਼ਹੀਦ ਊਧਮ ਸਿੰਘ ਕਲੋਨੀ 'ਚ ਬਰਫ਼ ਦੀ ਫੈਕਟਰੀ 'ਚ ਅਚਾਨਕ ਅਮੋਨੀਆ ਗੈਸ ਲੀਕ ਹੋਣ ਨਾਲ ਭੜਥੂ ਪੈ ਗਿਆ ਤੇ ਨੇੜਲੇ ਘਰਾਂ ਦੇ ਲੋਕ ਆਪਣੇ ਘਰਾਂ 'ਚੋਂ ਨਿਕਲ ਗਏ। ਜਾਣਕਾਰੀ ਅਨੁਸਾਰ ਇਥੋਂ ਦੀ ਸ਼ਹੀਦ ਊਧਮ ਸਿੰਘ ਕਾਲੋਨੀ ਵਾਸੀਆਂ ਨੇਤਰ ਸਿੰਘ, ਵਿਜੇ ਪ੍ਰਤਾਪ ਸਿੰਘ, ਸੰਜੀਵ ਕੁਮਾਰ, ਮਨਜੋਤ ਸਿੰਘ, ਸਤੀਸ਼ ਕੁਮਾਰ, ਨਰੇਸ਼ ਕੁਮਾਰ, ਨਵਜੋਤ ਸਿੰਘ ਅਤੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਰਿਹਾਇਸ਼ੀ ਖੇਤਰ ਵਿਚ ਬਰਫ਼ ਫੈਕਟਰੀ 'ਜੈ ਦੁਰਗਾ ਆਈਸ ਮਿੱਲ' ਵਿਚ 9 ਵਜੇ ਅਮੋਨੀਆ ਗੈਸ ਲੀਕ ਹੋ ਕੇ ਜਲਦੀ ਹੀ ਕਾਲੋਨੀ ਵਿਚ ਫੈਲ ਗਈ। ਇਸ ਦੌਰਾਨ ਲੋਕਾਂ ਵਿਚ ਹਫੜਾ -ਦਫੜੀ ਫੈਲ ਗਈ ਤੇ ਲੋਕ ਘਰ ਛੱਡ ਕੇ ਭੱਜਣ ਲੱਗੇ। ਗੈਸ ਇੰਨੀ ਤੇਜ਼ ਸੀ ਕਿ ਇਸ ਫੈਕਟਰੀ ਦੇ ਨੇੜੇ ਤਾਂ ਲੋਕਾਂ ਦੀ ਅੱਖਾਂ ਵੀ ਨਹੀਂ ਖੁੱਲ੍ਹ ਰਹੀਆਂ ਸਨ ਪਰ ਇਸ ਗੈਸ ਦੀ ਲੀਕੇਜ ਨਾਲ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਸ ਲੀਕੇਜ ਸਬੰਧੀ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਤੇ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਸਥਾਨਕ ਸੀਲ ਕੈਮੀਕਲ ਫੈਕਟਰੀ ਨੂੰ ਸੂਚਿਤ ਕੀਤਾ, ਜਿਸ 'ਤੇ ਉਥੋਂ ਦੇ ਮਾਹਰਾਂ ਨੇ ਵਕੀਲ ਪ੍ਰਸਾਦ ਦੀ ਅਗਵਾਈ ਵਿਚ ਪਹੁੰਚ ਕੇ ਲੀਕੇਜ ਨੂੰ ਬੰਦ ਕੀਤਾ। ਬਰਫ਼ ਫੈਕਟਰੀ ਦੇ ਮਾਲਕ ਬਰਜਿੰਦਰ ਵਾਸੀ ਡਾਲਿਮਾ ਵਿਹਾਰ ਨੇ ਦੱਸਿਆ ਰਾਤ ਨੂੰ ਬਿਜਲੀ ਚਲੀ ਗਈ ਸੀ, ਜਿਸ ਕਾਰਨ ਪਲਾਂਟ ਬੰਦ ਹੋ ਗਿਆ ਸੀ। ਸਵੇਰੇ ਬਿਜਲੀ ਆਉਣ 'ਤੇ ਮਸ਼ੀਨ ਦਾ ਗੈਸਕੱਟ ਫਟਣ ਕਾਰਨ ਗੈਸ ਲੀਕ ਹੋਣ ਲੱਗੀ। ਮਾਹਰ ਵਕੀਲ ਪ੍ਰਸਾਦ ਨੇ ਦੱਸਿਆ ਕਿ ਅਜਿਹੀ ਫੈਕਟਰੀ ਰਿਹਾਇਸ਼ੀ ਖੇਤਰ ਵਿਚ ਨਹੀਂ ਹੋਣੀ ਚਾਹੀਦੀ। ਫੈਕਟਰੀ ਵਿਚ ਹਵਾ ਬਾਹਰ ਸੁੱਟਣ ਵਾਲੇ ਪੱਖੇ ਵੀ ਨਹੀਂ ਲੱਗੇ ਹੋਏ ਤੇ ਐਮਰਜੈਂਸੀ ਵਿਚ ਗੈਸ ਲੀਕ ਹੋਣ ਜਾਂ ਹੋਰ ਦੁਰਘਟਨਾ ਹੋਣ ਤੋਂ ਬਚਣ ਦੇ ਕੋਈ ਉਪਾਅ ਵੀ ਨਹੀਂ ਕੀਤੇ ਹੋਏ। ਇਸ ਮੌਕੇ ਪਹੁੰਚੇ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਫੈਕਟਰੀ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਦੇ ਸ਼ਹਿਰ 'ਚ ਬੀ. ਐੱਸ. ਐੱਫ. ਤਾਇਨਾਤ
NEXT STORY