ਚੰਡੀਗੜ੍ਹ(ਅਸ਼ਵਨੀ)-ਸਨਅਤੀ ਇਕਾਈਆਂ ਦਾ ਪ੍ਰਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ 'ਚ ਪੈਣ ਤੋਂ ਰੋਕਣ ਦੇ ਮਕਸਦ ਨਾਲ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਡੇਰਾਬੱਸੀ ਦੀਆਂ ਦੋ ਵੱਡੀਆਂ ਫੈਕਟਰੀਆਂ ਫੈਡਰਲ ਐਗਰੋ ਪ੍ਰਾਈਵੇਟ ਇੰਡਸਟਰੀਜ਼ ਲਿਮਟਿਡ ਅਤੇ ਨੈਕਟਰ ਲਾਈਫ ਸਾਇੰਸਿਜ਼ ਲਿਮਟਿਡ ਵਿਚ ਛਾਪਾ ਮਾਰਿਆ। ਛਾਪੇ ਦੌਰਾਨ ਦੋਵੇਂ ਸਨਅਤੀ ਇਕਾਈਆਂ ਦੇ ਪਾਣੀ ਸੋਧਣ ਵਾਲੇ ਪਲਾਂਟਾਂ (ਈ. ਟੀ. ਪੀ.) ਵਿਚ ਕੁਝ ਊਣਤਾਈਆਂ ਪਾਈਆਂ ਗਈਆਂ, ਜਿਸ 'ਤੇ ਸੋਨੀ ਨੇ ਦੋਵਾਂ ਫੈਕਟਰੀਆਂ ਦੇ ਪ੍ਰਬੰਧਕਾਂ ਨੂੰ 10 ਦਿਨਾਂ ਦਾ ਸਮਾਂ ਦੇ ਕੇ ਪ੍ਰਦੂਸ਼ਣ ਰੋਕਣ ਸਬੰਧੀ ਲੋੜੀਂਦੇ ਮਾਪਦੰਡ ਪੂਰੇ ਕਰਨ ਲਈ ਆਖਿਆ। ਇਸ ਮਗਰੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਵਾਤਾਵਰਣ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੁਦਰਤੀ ਜਲ ਸਰੋਤਾਂ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਸਨਅਤੀ ਇਕਾਈਆਂ ਉਤੇ ਕਰੜੀ ਨਿਗ੍ਹਾ ਰੱਖਣ। ਚੰਡੀਗੜ੍ਹ ਤੇ ਹਰਿਆਣਾ ਦੀਆਂ ਸਨਅਤਾਂ ਵਲੋਂ ਘੱਗਰ ਦਰਿਆ ਵਿਚ ਪਾਣੀ ਸੁੱਟਣ ਬਾਰੇ ਸਵਾਲ 'ਤੇ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੋੜੀਂਦੀ ਕਾਰਵਾਈ ਹਿੱਤ ਲਿਖ ਦਿੱਤਾ ਹੈ। ਪੰਜਾਬ ਸਰਕਾਰ ਸੂਬੇ ਦੇ ਵਾਤਾਵਰਣ ਨੂੰ ਸੁਧਾਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਇਸ ਦਿਸ਼ਾ ਵਿਚ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਵਾਤਾਵਰਣ ਵਿਭਾਗ ਦੇ ਪਟਿਆਲਾ ਦੇ ਮੁੱਖ ਇੰਜੀਨੀਅਰ ਗੁਲਸ਼ਨ ਰਾਏ ਹਾਜ਼ਰ ਸਨ।
ਲੁਟੇਰਾ ਗਿਰੋਹ ਦੇ 5 ਮੈਂਬਰ ਕਾਬੂ, 4 ਅਜੇ ਵੀ ਫਰਾਰ
NEXT STORY